ਪੁਲਿਸ ਸਟੇਸ਼ਨ ਕੋਲ ਪ੍ਰਾਪਰਟੀ ਡੀਲਰ ਨੂੰ ਗੋਲੀ ਮਾਰੀ, ਹਮਲਾਵਰ ਫ਼ਰਾਰ

ਜ਼ੀਰਕਪੁਰ, 23 ਜੂਨ (ਗੁਰਪ੍ਰੀਤ ਸਿੰਘ) : ਜ਼ੀਰਕਪੁਰ ਪੁਲਿਸ ਸਟੇਸ਼ਨ ਤੋਂ ਸਿਰਫ਼ 50 ਮੀਟਰ ਦੂਰੀ ‘ਤੇ ਅੱਜ ਦੁਪਹਿਰ ਇੱਕ ਪ੍ਰਾਪਰਟੀ ਡੀਲਰ ਉੱਤੇ ਦੋ ਅਣਪਛਾਤੇ ਮੋਟਰਸਾਈਕਲ ਸਵਾਰ ਹਮਲਾਵਰਾਂ ਵੱਲੋਂ ਗੋਲੀ ਚਲਾਈ ਗਈ। ਹਮਲੇ ‘ਚ ਡੀਲਰ ਗੰਭੀਰ ਜ਼ਖ਼ਮੀ ਹੋ ਗਿਆ, ਜਦਕਿ ਉਸਦਾ ਸਾਥੀ ਹਲਕਾ ਜ਼ਖ਼ਮੀ ਹੋਇਆ। ਜ਼ਖ਼ਮੀ ਡੀਲਰ ਦੀ ਪਛਾਣ ਜਗਤਾਰ ਸਿੰਘ ਪਿੰਡ ਖੇੜੀ ਸੁੰਡਰਾ ਡੇਰਾਬੱਸੀ ਦੇ ਰੂਪ ਵਿੱਚ ਹੋਈ ਹੈ।

ਮੌਕੇ ਤੋਂ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਅੱਜ ਦੁਪਹਿਰ ਢਾਈ ਵਜੇ ਦੇ ਕਰੀਬ ਉਕਤ ਪ੍ਰਾਪਰਟੀ ਡੀਲਰ ਆਪਣੇ ਇਕ ਸਾਥੀ ਨਾਲ ਐਕਟੀਵਾ ਤੇ ਸਵਾਰ ਹੋ ਕੇ ਜ਼ੀਰਕਪੁਰ ਤਹਿਸੀਲ ਵੱਲ ਜਾ ਰਿਹਾ ਸੀ। ਇਸ ਦੌਰਾਨ ਜਦ ਉਹ ਰਾਹ ਚ ਇਕ ਡਾਕੂਮੈਂਟ ਸੈਂਟਰ ਦੀ ਦੁਕਾਨ ਦੇ ਬਾਹਰ ਰੁੱਕਿਆ ਤਾਂ ਪਿੱਛੋਂ ਮੋਟਰਸਾਈਕਲ ਤੇ ਸਵਾਰ ਹੋ ਕੇ ਆਏ ਦੋ ਹਮਲਾਵਰਾਂ ਨੇ ਐਕਟੀਵਾ ਦੇ ਪਿੱਛੇ ਬੈਠੇ ਪ੍ਰਾਪਰਟੀ ਡੀਲਰ ਤੇ ਇਕ ਫਾਇਰ ਕੀਤਾ ਜੋ ਉਸਦੀ ਪਿੱਠ ਤੇ ਲੱਗਿਆ।

ਗੋਲੀ ਲੱਗਣ ਨਾਲ ਪ੍ਰਾਪਰਟੀ ਡੀਲਰ ਜਗਤਾਰ ਵਾਸੀ ਪਿੰਡ ਖੇੜੀ ਸੁੰਡਰਾ ਜ਼ਖ਼ਮੀ ਹੋ ਗਿਆ ਜਦਕਿ ਐਕਟੀਵਾ ਚਲਾ ਰਿਹਾ ਰਿਹਾ ਉਸਦਾ ਸਾਥੀ ਜਗਤਾਰ ਸਿੰਘ ਵਾਸੀ ਪਿੰਡ ਪੰਡਵਾਲਾ ਦੀ ਪਿੱਠ ਤੇ ਗੋਲੀ ਦਾ ਛਰਲਾ ਲੱਗਣ ਨਾਲ ਜ਼ਖ਼ਮੀ ਹੋ ਗਿਆ। ਦੋਵੇਂ ਜ਼ਖ਼ਮੀ ਡੀਲਰਾਂ ਨੂੰ ਜ਼ੀਰਕਪੁਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ ਜਿਥੇ ਉਸਦਾ ਇਲਾਜ ਚੱਲ ਰਿਹਾ ਹੈ।

ਹਮਲਾਵਰ ਨੇ ਆਪਣੀ ਪਛਾਣ ਛੁਪਾਉਣ ਲਈ ਹੈਲਮਟ ਪਾਏ ਹੋਏ ਸੀ ਜੋ ਮੋਟਰਸਾਈਕਲ ਤੇ ਗੋਲੀ ਮਾਰਨ ਤੋਂ ਬਾਅਦ ਪੁਲਿਸ ਸਟੇਸ਼ਨ ਵੱਲ ਤੰਗ ਗਲੀਆਂ ਚੋਂ ਹੁੰਦੇ ਹੋਏ ਫ਼ਰਾਰ ਹੋ ਗਏ। ਸੂਚਨਾ ਮਿਲਣ ਤੋਂ ਬਾਅਦ ਐਸਪੀ ਜ਼ੀਰਕਪੁਰ ਜਸਪਿੰਦਰ ਸਿੰਘ ਗਿੱਲ, ਥਾਣਾ ਮੁਖੀ ਸਤਿੰਦਰ ਸਿੰਘ ਨੇ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

By Gurpreet Singh

Leave a Reply

Your email address will not be published. Required fields are marked *