ਪੰਜਾਬ ‘ਚ ਕਾਂਗਰਸ ਦੇ 3 CM ਚਿਹਰੇ ਹੋਏ ਧੁੰਦਲੇ! ਆਖਿਰ ਹਾਰ ਦੇ ਕਿ ਸਨ ਕਾਰਨ!

ਨੈਸ਼ਨਲ ਟਾਈਮਜ਼ ਬਿਊਰੋ :- ਲੁਧਿਆਣਾ ਪੱਛਮੀ ਉਪ ਚੋਣ ’ਚ ਕਾਂਗਰਸ ਦੀ ਹਾਰ ਨਾਲ ਮੁੱਖ ਮੰਤਰੀ ਅਹੁਦੇ ਦੀ ਦੌੜ ’ਚ ਸ਼ਾਮਲ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਰਾਣਾ ਗੁਰਜੀਤ ਸਿੰਘ ਅਤੇ ਪ੍ਰਗਟ ਸਿੰਘ ਦੇ ਚਿਹਰੇ ਧੁੰਦਲੇ ਹੋ ਗਏ ਹਨ। ਕਾਂਗਰਸ ਦੀ ਹਾਰ ਤੋਂ ਤੁਰੰਤ ਬਾਅਦ ਸੋਸ਼ਲ ਮੀਡੀਆ ’ਤੇ ਲੁਧਿਆਣਾ ਪੱਛਮੀ ’ਚ ਕਾਂਗਰਸ ਦਾ ਸੂਰਜ ਡੁੱਬਦਾ ਦੱਸਿਆ ਜਾ ਰਿਹਾ ਹੈ।

ਦਿਲਚਸਪ ਗੱਲ ਇਹ ਹੈ ਕਿ ਕਾਂਗਰਸ ’ਚ ਵਧਦੀ ਧੜੇਬੰਦੀ ਕਾਰਨ ਪਾਰਟੀ ਦੀ ਹਾਰ ਦਾ ਅੰਦਾਜ਼ਾ ਸਿਆਸੀ ਮਾਹਿਰ ਪਹਿਲਾਂ ਹੀ ਲਾ ਰਹੇ ਸਨ। ਇਸ ਹਾਰ ਲਈ ਕਿਹੜੇ ਆਗੂ ਜ਼ਿੰਮੇਵਾਰ ਹਨ, ਇਸ ਨੂੰ ਲੈ ਕੇ ਕਾਂਗਰਸ ਹਾਈਕਮਾਨ ਵੱਲੋਂ ਮੰਥਨ ਕਰਨ ਤੋਂ ਬਾਅਦ ਕਈ ਮਹੱਤਵਪੂਰਨ ਫੈਸਲੇ ਲੈ ਕੇ ਪੰਜਾਬ ਕਾਂਗਰਸ ’ਚ ਕਈ ਵੱਡੇ ਬਦਲਾਅ ਹੋਣ ਦੀ ਸੰਭਾਵਨਾ ਮਜ਼ਬੂਤ ਹੋ ਗਈ ਹੈ।

ਪੰਜਾਬ ਕਾਂਗਰਸ ਦੇ ਨੇਤਾਵਾਂ ਦੀ ਧੜੇਬੰਦੀ ਦੇ ਨਾਲ-ਨਾਲ ਇਕ-ਦੂਜੇ ਨੂੰ ਨੀਵਾਂ ਦਿਖਾਉਣ ਦੀ ਹੋੜ ਵੀ ਪਾਰਟੀ ’ਤੇ ਭਾਰੀ ਰਹੀ। ਪੀ. ਪੀ. ਸੀ. ਸੀ. ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਕਾਂਗਰਸੀ ਉਮੀਦਵਾਰ ਵੱਲੋਂ ਨਜ਼ਰਅੰਦਾਜ਼ ਕਰਦਿਆਂ ਉਪ ਚੋਣ ਦੀ ਜ਼ਿੰਮੇਵਾਰੀ ਰਾਣਾ ਗੁਰਜੀਤ ਸਿੰਘ ਨੂੰ ਦੇਣਾ ਕਿਤੇ ਨਾ ਕਿਤੇ ਕਾਂਗਰਸ ’ਤੇ ਭਾਰੀ ਰਿਹਾ।

ਕਾਂਗਰਸ ਦੀ ਹਾਰ ਦੇ ਮੁੱਖ ਕਾਰਨ
-ਪਾਰਟੀ ਨੇਤਾਵਾਂ ’ਚ ਧੜੇਬੰਦੀ।

  • ਕਾਂਗਰਸੀ ਉਮੀਦਵਾਰ ਦਾ ਵਿਵਹਾਰ।
  • ਕਾਂਗਰਸੀ ਉਮੀਦਵਾਰ ’ਤੇ ਦਰਜ ਮਾਮਲਿਆਂ ਦਾ ਪ੍ਰਭਾਵ।
  • ਵੱਡੇ ਕਾਂਗਰਸੀ ਨੇਤਾਵਾਂ ਦੀ ਲੁਧਿਆਣਾ ’ਚ ਗੈਰ-ਮੌਜੂਦਗੀ।
  • ਮਹਿਲਾ ਕਾਂਗਰਸ ਅਤੇ ਯੂਥ ਕਾਂਗਰਸ ਦਾ ਕਮਜ਼ੋਰ ਪ੍ਰਦਰਸ਼ਨ।
  • ਕਾਨੂੰਨੀ ਕਲੀਨ ਚਿੱਟ ਦਾ ਸਿਆਸੀ ਤੌਰ ’ਤੇ ਫਾਇਦਾ ਉਠਾਉਣਾ।
  • ਪਾਰਟੀ ਵੱਲੋਂ ਲੁਧਿਆਣਾ ਉਪ ਚੋਣ ਲਈ ਚੁਣਿਆ ਗਿਆ ਚੋਣ ਇੰਚਾਰਜ।
  • ਪਾਰਟੀ ਦੇ ਚੋਣਾਵੀ ਪੋਸਟਰਾਂ ’ਚੋਂ ਸੀਨੀਅਰ ਲੀਡਰਸ਼ਿਪ ਨੂੰ ਨਜ਼ਰ-ਅੰਦਾਜ਼ ਕਰਨਾ।
    ਹਾਰ ਤੋਂ ਸਬਕ ਲੈ ਕੇ ਖੁਦ ਨੂੰ ਮਜ਼ਬੂਤ ਕਰੇਗੀ ਕਾਂਗਰਸ : ਬਾਜਵਾ
    ਪੰਜਾਬ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਲੁਧਿਆਣਾ ਉਪ ਚੋਣ ’ਚ ਕਾਂਗਰਸ ਦੀ ਹਾਰ ’ਤੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਇਸ ਹਾਰ ਤੋਂ ਸਬਕ ਲੈ ਕੇ ਪਾਰਟੀ ਖੁਦ ਨੂੰ ਹੋਰ ਮਜ਼ਬੂਤ ​​ਕਰੇਗੀ। ਉਨ੍ਹਾਂ ਕਿਹਾ ਕਿ ਲੁਧਿਆਣਾ ਦੇ ਵੋਟਰਾਂ ਨੇ ਜੋ ਫਤਵਾ ਦਿੱਤਾ ਹੈ, ਉਹ ਕਾਂਗਰਸ ਨੂੰ ਸਵੀਕਾਰ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਵਾਅਦਿਆਂ ਦੇ ਆਧਾਰ ’ਤੇ ‘ਆਪ’ ਨੇ ਲੁਧਿਆਣਾ ਉਪ ਚੋਣ ’ਚ ਜਿੱਤ ਹਾਸਲ ਕੀਤੀ ਹੈ ਉਨ੍ਹਾਂ ਸਾਰੇ ਵਾਅਦਿਆਂ ਨੂੰ ‘ਆਪ’ ਪੂਰਾ ਵੀ ਕਰੇ ।

ਪਾਰਟੀ ਦੀ ਹਾਰ ਲਈ ਮੈਂ ਜ਼ਿੰਮੇਵਾਰ ਹਾਂ : ਰਾਜਾ ਵੜਿੰਗ
ਦੂਜੇ ਪਾਸੇ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਹਾਰ ਲਈ ਖੁਦ ਨੂੰ ਜ਼ਿੰਮੇਵਾਰ ਠਹਿਰਾਇਆ। ਉਨ੍ਹਾਂ ਕਿਹਾ ਕਿ ਲੁਧਿਆਣਾ ਉਪ ਚੋਣ ਜਿੱਤ ਕੇ ‘ਆਪ’ ਪਾਰਟੀ ਨੇ ਕੋਈ ਵੱਡਾ ਤੀਰ ਨਹੀਂ ਮਾਰਿਆ। ਉਨ੍ਹਾਂ ਕਿਹਾ ਕਿ ਕਾਂਗਰਸ ਨੂੰ ਇਸ ਹਾਰ ਬਾਰੇ ਸੋਚਣ ਦੇ ਨਾਲ-ਨਾਲ ਆਤਮ-ਨਿਰੀਖਣ ਕਰਨ ਦੀ ਵੀ ਲੋੜ ਹੈ। ਵੜਿੰਗ ਨੇ ਲੁਧਿਆਣਾ ਉਪ ਚੋਣ ’ਚ ਕਾਂਗਰਸ ਦੀ ਹਾਰ ’ਤੇ ਡੂੰਘਾ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਚੋਣਾਂ ਨੂੰ ਲੈ ਕੇ ਬਣਾਈ ਗਈ ਰਣਨੀਤੀ ’ਚ ਕੁਝ ਕਮੀਆਂ ਸਨ ਜਾਂ ਨਹੀਂ, ਇਸ ’ਤੇ ਉਹ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦੇ ਪਰ ਭਵਿੱਖ ’ਚ ਪਾਰਟੀ ਨੂੰ ਆਪਣੀ ਰਣਨੀਤੀ ਹੋਰ ਮਜ਼ਬੂਤ ​​ਕਰਨੀ ਹੋਵੇਗੀ। ਧਿਆਨ ਦੇਣ ਯੋਗ ਹੈ ਕਿ ਲੁਧਿਆਣਾ ਉਪ ਚੋਣ ’ਚ ਪੀ. ਪੀ. ਸੀ. ਸੀ. ਪ੍ਰਧਾਨ ਵੜਿੰਗ 2 ਤੋਂ 3 ਵਾਰ ਹੀ ਲੋਕਾਂ ਨੂੰ ਦਿਖਾਈ ਦਿੱਤੇ ਸਨ।

ਜਿਸ ਪਰਿਵਾਰ ’ਚ ਏਕਤਾ ਨਹੀਂ, ਉਹ ਪਰਿਵਾਰ ਕਦੇ ਤਰੱਕੀ ਨਹੀਂ ਕਰ ਸਕਦਾ : ਸਿਮਰਜੀਤ ਬੈਂਸ
ਲੁਧਿਆਣਾ ਉਪ ਚੋਣ ਲਈ ਪ੍ਰਚਾਰ ਤੋਂ ਦੂਰੀ ਬਣਾਉਣ ਵਾਲੇ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਜਿਸ ਪਰਿਵਾਰ ’ਚ ਏਕਤਾ ਨਹੀਂ, ਉਹ ਪਰਿਵਾਰ ਕਦੇ ਤਰੱਕੀ ਨਹੀਂ ਕਰ ਸਕਦਾ। ਉਨ੍ਹਾਂ ਦਾ ਇਹ ਬਿਆਨ ਸਿੱਧੇ ਤੌਰ ’ਤੇ ਕਾਂਗਰਸ ’ਚ ਚੱਲ ਰਹੀ ਧੜੇਬੰਦੀ ਨੂੰ ਲੈ ਕੇ ਸੀ। ਜੋ ਉਮੀਦਵਾਰ ਆਪਣੇ ਸੀਨੀਅਰ ਨੇਤਾਵਾਂ ਨੂੰ ਨਾਲ ਲੈ ਕੇ ਨਹੀਂ ਚੱਲ ਸਕਦਾ, ਉਹ ਆਪਣੇ ਦਮ ’ਤੇ ਜਿੱਤਣ ਦੀ ਉਮੀਦ ਨਹੀਂ ਕਰ ਸਕਦਾ। ਬੈਂਸ ਨੇ ਕਿਹਾ ਕਿ ਕੋਈ ਵੀ ਨੇਤਾ ਪਾਰਟੀ ਤੋਂ ਵੱਡਾ ਨਹੀਂ ਹੋ ਸਕਦਾ। ਬੈਂਸ ਅਨੁਸਾਰ ਜੇ ਸਾਰੀ ਸੀਨੀਅਰ ਲੀਡਰਸ਼ਿਪ ਨੂੰ ਨਾਲ ਲੈ ਕੇ ਲੁਧਿਆਣਾ ਉਪ ਚੋਣ ਲੜੀ ਜਾਂਦੀ ਤਾਂ ਕਾਂਗਰਸ ਲਈ 10,000 ਵੋਟਾਂ ਦਾ ਅੰਤਰ ਪੂਰਾ ਕਰਨਾ ਕੋਈ ਵੱਡੀ ਗੱਲ ਨਹੀਂ ਸੀ। ਬੈਂਸ ਅਨੁਸਾਰ ਪਾਰਟੀ ਨੂੰ ਚਾਹੀਦਾ ਹੈ ਕਿ ਉਹ ਕੰਮਕਾਜ ਵਾਲੇ ਲੋਕਾਂ ਨੂੰ ਅੱਗੇ ਲੈ ਕੇ ਆਏ ਅਤੇ ਲੰਗੜੇ ਘੋੜਿਆਂ ਨੂੰ ਬਾਹਰ ਦਾ ਰਸਤਾ ਦਿਖਾਵੇ।

ਕਾਂਗਰਸ ਨੂੰ ਇਕਜੁੱਟ ਹੋ ਕੇ ਅੱਗੇ ਵਧਣ ਦੀ ਲੋੜ : ਦੂਲੋ
ਸਾਬਕਾ ਪੀ. ਪੀ. ਸੀ. ਸੀ. ਪ੍ਰਧਾਨ ਅਤੇ ਸੀਨੀਅਰ ਕਾਂਗਰਸੀ ਨੇਤਾ ਸ਼ਮਸ਼ੇਰ ਦੂਲੋ ਨੇ ਕਿਹਾ ਕਿ ਕਾਂਗਰਸ ਨੂੰ ਇਸ ਸਮੇਂ ਧੜੇਬੰਦੀ ਤਿਆਗ ਕੇ ਇਕਜੁੱਟ ਹੋ ਕੇ ਅੱਗੇ ਵਧਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਜੇ ਆਉਣ ਵਾਲੇ ਸਮੇਂ ’ਚ ਭਾਜਪਾ ਅਤੇ ਅਕਾਲੀ ਦਲ ਦਾ ਗੱਠਜੋੜ ਹੋਇਆ ਤਾਂ ਕਾਂਗਰਸ ਲਈ ਮਿਸ਼ਨ 2027 ਬਹੁਤ ਮੁਸ਼ਕਲ ਹੋ ਜਾਵੇਗਾ। ਕਾਂਗਰਸ ਨੂੰ ਇਕ ਵਾਰ ਫਿਰ ਤੋਂ ਹਰਿਆਣਾ ਵਿਧਾਨ ਸਭਾ ਚੋਣਾਂ ਵਰਗੀ ਸਥਿਤੀ ਦਾ ਸਾਹਮਣਾ ਕਰਨਾ ਪਵੇਗਾ। ਪਾਰਟੀ ਹਾਈਕਮਾਨ ਨੂੰ ਆਪਣਾ ਸੁਨੇਹਾ ਦਿੰਦੇ ਹੋਏ ਦੂਲੋ ਨੇ ਕਿਹਾ ਕਿ ਜੇ ਪਾਰਟੀ ’ਚ ਅਨੁਸ਼ਾਸਨ ਭੰਗ ਕਰਨ ਵਾਲਿਆਂ ਵਿਰੁੱਧ ਸਖ਼ਤੀ ਨਾ ਕੀਤੀ ਗਈ ਤਾਂ ਪਾਰਟੀ ਨੂੰ ਹੋਰ ਵੀ ਮਾੜੇ ਦਿਨਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਜਦਕਿ ਪੰਜਾਬ ਦੇ ਲੋਕਾਂ ਨੂੰ ਕਾਂਗਰਸ ਤੋਂ ਬਹੁਤ ਉਮੀਦਾਂ ਹਨ।

By Gurpreet Singh

Leave a Reply

Your email address will not be published. Required fields are marked *