ਜੰਮੂ : ਜੰਮੂ-ਕਸ਼ਮੀਰ ਦੇ ਰਾਜੌਰੀ, ਪੁੰਛ, ਡੋਡਾ ਅਤੇ ਕਠੂਆ ਜ਼ਿਲ੍ਹਿਆਂ ਦੇ ਵੱਖ-ਵੱਖ ਇਲਾਕਿਆਂ ਵਿੱਚ ਬੱਦਲ ਫਟਣ ਅਤੇ ਭਾਰੀ ਬਾਰਿਸ਼ ਕਾਰਨ ਆਏ ਅਚਾਨਕ ਹੜ੍ਹਾਂ ਵਿੱਚ ਦੋ ਬੱਚਿਆਂ ਸਮੇਤ ਤਿੰਨ ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ ਚਾਰ ਹੋਰਾਂ ਨੂੰ ਬਚਾਇਆ ਗਿਆ। ਅਧਿਕਾਰੀਆਂ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਰਾਜੌਰੀ ਦੇ ਕਾਲਾਕੋਟ ਸਬ-ਡਿਵੀਜ਼ਨ ਦੇ ਸਿਆਲਸੁਈ ਮਾਉ ਪਿੰਡ ਵਿੱਚ ਇੱਕ ਨਦੀ ਵਿੱਚ ਅਚਾਨਕ ਹੜ੍ਹ ਆਉਣ ਕਾਰਨ ਸ਼ਕਫਤ ਅਲੀ (14) ਅਤੇ ਉਸਦੀ ਚਚੇਰੀ ਭੈਣ ਸਫੀਨਾ ਕੌਸਰ (11) ਡੁੱਬ ਗਏ।

ਅਧਿਕਾਰੀਆਂ ਨੇ ਦੱਸਿਆ ਕਿ ਹੜ੍ਹ ਵਿੱਚ ਫਸੀ ਸਾਇਮਾ (10) ਨੂੰ ਸਥਾਨਕ ਵਲੰਟੀਅਰਾਂ ਨੇ ਬਚਾਇਆ ਅਤੇ ਹਸਪਤਾਲ ਵਿੱਚ ਦਾਖਲ ਕਰਵਾਇਆ। ਉਨ੍ਹਾਂ ਕਿਹਾ ਕਿ ਬੱਚੇ ਜਦੋਂ ਪਸ਼ੂਆਂ ਨੂੰ ਚਰਾ ਰਹੇ ਸਨ ਤਾਂ ਅਚਾਨਕ ਬੱਦਲ ਫਟਣ ਕਾਰਨ ਆਏ ਹੜ੍ਹ ਵਿੱਚ ਉਹ ਵਹਿ ਗਏ। ਬੱਚਿਆਂ ਦੀਆਂ ਲਾਸ਼ਾਂ ਮਿਲ ਗਈਆਂ ਹਨ, ਜੋ ਅੰਤਿਮ ਸੰਸਕਾਰ ਲਈ ਉਨ੍ਹਾਂ ਦੇ ਪਰਿਵਾਰਾਂ ਨੂੰ ਸੌਂਪ ਦਿੱਤੀਆਂ ਗਈਆਂ। ਉਨ੍ਹਾਂ ਕਿਹਾ ਕਿ ਦੁਨਾਦੀ ਪਿੰਡ ਦੇ ਰਹਿਣ ਵਾਲੇ ਬਸ਼ਰਤ ਹੁਸੈਨ (32) ਦੀ ਲਾਸ਼ ਸਟੇਟ ਡਿਜ਼ਾਸਟਰ ਰਿਸਪਾਂਸ ਫੋਰਸ (SDRF) ਦੀ ਇੱਕ ਬਚਾਅ ਟੀਮ ਨੇ ਡੋਡਾ ਦੀ ਲੋਪਾ ਨਦੀ ਤੋਂ ਬਰਾਮਦ ਕੀਤੀ ਹੈ।
ਅਧਿਕਾਰੀ ਨੇ ਦੱਸਿਆ ਕਿ 23 ਜੂਨ ਨੂੰ ਨਦੀ ਵਿੱਚ ਨਹਾਉਂਦੇ ਸਮੇਂ ਹੁਸੈਨ ਡੁੱਬ ਗਿਆ ਸੀ। ਐਸਡੀਆਰਐਫ ਨੇ ਕਠੂਆ ਦੇ ਨਾਗਰੀ ਬਲਾਕ ਦੇ ਜਰਮਲ ਪਿੰਡ ਨੇੜੇ ਉਝ ਨਦੀ ਤੋਂ ਬਲਦੇਵ ਰਾਜ (35) ਅਤੇ ਸੁਸ਼ੀਲ ਕੁਮਾਰ (25) ਨੂੰ ਬਚਾਇਆ। ਅਧਿਕਾਰੀ ਨੇ ਦੱਸਿਆ ਕਿ ਇਹ ਲੋਕ ਮੱਛੀਆਂ ਫੜਨ ਗਏ ਸਨ ਅਤੇ ਕੈਚਮੈਂਟ ਖੇਤਰਾਂ ਵਿੱਚ ਭਾਰੀ ਬਾਰਿਸ਼ ਤੋਂ ਬਾਅਦ ਪਾਣੀ ਦਾ ਪੱਧਰ ਅਚਾਨਕ ਵਧਣ ਕਾਰਨ ਉੱਥੇ ਫਸ ਗਏ। ਐਸਡੀਆਰਐਫ ਨੇ ਪੁਣਛ ਵਿੱਚ ਇੱਕ ਵਿਅਕਤੀ ਨੂੰ ਇੱਕ ਓਵਰਫਲੋਅ ਨਾਲੇ ਤੋਂ ਬਚਾਇਆ। ਅਧਿਕਾਰੀਆਂ ਅਨੁਸਾਰ ਬੱਦਲ ਫਟਣ ਕਾਰਨ ਪੁੰਛ ਦੇ ਕਾਜ਼ੀ ਮੋੜਾ ਅਤੇ ਡੋਡਾ, ਊਧਮਪੁਰ ਅਤੇ ਰਾਮਬਨ ਜ਼ਿਲ੍ਹਿਆਂ ਦੇ ਵੱਖ-ਵੱਖ ਉੱਚਾਈ ਵਾਲੇ ਇਲਾਕਿਆਂ ਵਿੱਚ ਹੜ੍ਹ ਆਉਣ ਦੀਆਂ ਰਿਪੋਰਟਾਂ ਹਨ ਪਰ ਕਿਸੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ।
ਇਸ ਦੌਰਾਨ ਰਾਜੌਰੀ ਅਤੇ ਡੋਡਾ ਸਮੇਤ ਵੱਖ-ਵੱਖ ਜ਼ਿਲ੍ਹਿਆਂ ਵਿੱਚ ਪ੍ਰਸ਼ਾਸਨ ਨੇ ਨਦੀਆਂ, ਨਾਲਿਆਂ ਅਤੇ ਝਰਨਿਆਂ ਦੇ ਨੇੜੇ ਤੈਰਾਕੀ, ਨਹਾਉਣ, ਮੱਛੀਆਂ ਫੜਨ ਅਤੇ ਸੈਰ ਕਰਨ ‘ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਹੈ। ਅਧਿਕਾਰੀਆਂ ਨੇ ਕਿਹਾ ਕਿ ਇਸ ਬਰਸਾਤ ਦੇ ਮੌਸਮ ਦੌਰਾਨ ਸੰਭਾਵੀ ਹੜ੍ਹ ਦੀ ਸਥਿਤੀ ਦੇ ਵਿਚਕਾਰ ਨਾਗਰਿਕਾਂ ਨੂੰ ਸੁਚੇਤ ਰਹਿਣ ਅਤੇ ਸਾਵਧਾਨੀ ਦੇ ਉਪਾਵਾਂ ਦੀ ਪਾਲਣਾ ਕਰਨ ਲਈ ਇੱਕ ਸਲਾਹ ਜਾਰੀ ਕੀਤੀ ਗਈ ਹੈ।
