ਮੁੱਖ ਮੰਤਰੀ ਦਾ ਪਰਿਵਾਰ ਗੁਰਦੁਆਰਾ ਚਰਨ ਕੰਵਲ ਸਾਹਿਬ ਵਿਖੇ ਹੋਇਆ ਨਤਮਸਤਕ

ਮਾਛੀਵਾੜਾ ਸਾਹਿਬ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਪਰਿਵਾਰਕ ਮੈਂਬਰ ਜਿਸ ਵਿਚ ਛੋਟੀ ਧੀ ਨਿਆਮਤ ਕੌਰ, ਮਾਤਾ ਹਰਪਾਲ ਕੌਰ ਅਤੇ ਭੈਣ ਮਨਪ੍ਰੀਤ ਕੌਰ ਸ਼ਾਮਲ ਸਨ, ਅੱਜ ਮਾਛੀਵਾੜਾ ਸਾਹਿਬ ਦੇ ਇਤਿਹਾਸਕ ਗੁਰਦੁਆਰਾ ਸ੍ਰੀ ਚਰਨ ਕੰਵਲ ਸਾਹਿਬ ਵਿਖੇ ਨਤਮਸਤਕ ਹੋਣ ਲਈ ਪੁੱਜੇ। ਗੁਰੂ ਗ੍ਰੰਥ ਸਾਹਿਬ ਜੀ ਅੱਗੇ ਨਤਮਸਤਕ ਹੁੰਦਿਆਂ ਦਾਦੀ ਅਤੇ ਭੂਆ ਨੇ ਮੁੱਖ ਮੰਤਰੀ ਦੀ ਧੀ ਨਿਆਮਤ ਕੌਰ ਦੀ ਸੁਖਣਾ ਪੂਰੀ ਹੋਣ ’ਤੇ ਅਰਦਾਸ ਕਰਵਾਈ ਅਤੇ ਨਾਲ ਹੀ ਪੰਜਾਬ ਦੀ ਤਰੱਕੀ ਤੇ ਖੁਸ਼ਹਾਲੀ ਦੀ ਕਾਮਨਾ ਕੀਤੀ।

ਪਰਿਵਾਰਕ ਮੈਂਬਰਾਂ ਨੇ ਇਤਿਹਾਸਕ ਜੰਡ ਸਾਹਿਬ ਜਿੱਥੇ ਗੁਰੂ ਸਾਹਿਬ ਦਾ ਟਿੰਡ ਦਾ ਸਿਰਹਾਣਾ ਲਗਾ ਕੇ ਵਿਸ਼ਰਾਮ ਕੀਤਾ ਅਤੇ ਨਾਲ ਹੀ ਪਵਿੱਤਰ ਖੂਹ ਸਾਹਿਬ ਦੇ ਦਰਸ਼ਨ ਕੀਤੇ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਪਰਿਵਾਰ ਨੇ ਬੜੇ ਸਾਦੇ ਢੰਗ ਨਾਲ ਗੁਰੂ ਘਰ ਦੇ ਲੰਗਰ ਹਾਲ ਵਿਚ ਪੰਗਤ ਵਿਚ ਬੈਠ ਕੇ ਲੰਗਰ ਛਕਿਆ। 

ਇਸ ਮੌਕੇ ਜਿੱਥੇ ਹਲਕਾ ਸਮਰਾਲਾ ਦੇ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਨੇ ਮੁੱਖ ਮੰਤਰੀ ਦੀ ਮਾਤਾ ਅਤੇ ਭੈਣ ਨੂੰ ਗੁਰੂ ਸਾਹਿਬ ਜੀ ਦਾ ਚਿੱਤਰ ਭੇਟ ਕਰ ਸਨਮਾਨਿਤ ਕੀਤਾ ਉੱਥੇ ਗੁਰਦੁਆਰਾ ਸਾਹਿਬ ਦੇ ਮੈਨੇਜਰ ਜਸਵੀਰ ਸਿੰਘ ਮੰਗਲੀ ਨੇ ਪਰਿਵਾਰ ਨੂੰ ਸਿਰੋਪਾਓ ਪਾਇਆ। ਮੁੱਖ ਮੰਤਰੀ ਦੇ ਪਰਿਵਾਰ ਦਾ ਪ੍ਰੋਗਰਾਮ ਸਿਰਫ਼ ਧਾਰਮਿਕ ਫੇਰੀ ਵਜੋਂ ਰੱਖਿਆ ਗਿਆ ਅਤੇ ਉਨ੍ਹਾਂ ਦੀ ਭੈਣ ਮਨਪ੍ਰੀਤ ਕੌਰ ਪਹਿਲਾਂ ਵੀ 2 ਵਾਰ ਇਤਿਹਾਸਕ ਗੁਰਦੁਆਰਾ ਚਰਨ ਕੰਵਲ ਸਾਹਿਬ ਵਿਖੇ ਨਤਮਸਤਕ ਹੋ ਚੁੱਕੇ ਹਨ ਜਿਨ੍ਹਾਂ ਦੀ ਗੁਰੂ ਘਰ ਨਾਲ ਵੱਡੀ ਆਸਥਾ ਜੁੜੀ ਹੋਈ ਹੈ। ਮੈਨੇਜਰ ਜਸਵੀਰ ਸਿੰਘ ਮੰਗਲੀ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਪਰਿਵਾਰ ਧੀ ਨਿਆਮਤ ਕੌਰ ਨੂੰ ਵਿਸ਼ੇਸ਼ ਤੌਰ ’ਤੇ ਗੁਰੂ ਘਰ ਨਤਮਸਤਕ ਹੋਣ ਲਈ ਲਿਆਏ ਸਨ ਜਿਨ੍ਹਾਂ ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ।

By Gurpreet Singh

Leave a Reply

Your email address will not be published. Required fields are marked *