ਲੋਹੀਆਂ- ਸਥਾਨਕ ਨਕੋਦਰ ਰੇਲਵੇ ਫਾਟਕ ’ਤੇ ਉਸ ਸਮੇਂ ਵੱਡਾ ਹਾਦਸਾ ਹੋਣੇ ਬਚ ਗਿਆ ਜਦੋਂ ਡੀ. ਐੱਮ. ਯੂ. ਰੇਲ ਗੱਡੀ ਫਾਟਕ ’ਤੇ ਪੁੱਜ ਗਈ ਪਰ ਰੇਲਵੇ ਫਾਟਕ ਖੁੱਲ੍ਹਾ ਰਿਹਾ, ਜਿਸ ’ਤੇ ਡੀ. ਐੱਮ. ਯੂ. ਦੇ ਡਰਾਈਵਰ ਨੂੰ ਅਚਾਨਕ ਬ੍ਰੇਕ ਲਾ ਕੇ ਰੇਲ ਗੱਡੀ ਨੂੰ ਰੋਕਿਆ ਅਤੇ ਖ਼ੁਦ ਆ ਕੇ ਫਾਟਕ ਬੰਦ ਕੀਤਾ। ਇਸ ਤਰ੍ਹਾਂ ਵੱਡਾ ਹਾਦਸਾ ਹੋਣੋਂ ਬਚ ਗਿਆ।

ਜਾਣਕਾਰੀ ਅਨੁਸਾਰ ਬੀਤੀ ਸ਼ਾਮ ਜਦੋਂ ਸਥਾਨਕ ਨਕੋਦਰ ਰੇਲਵੇ ਫਾਟਕ ਖੁੱਲ੍ਹਾ ਹੋਇਆ ਸੀ ਅਤੇ ਸਾਰਾ ਟ੍ਰੈਫਿਕ ਉਥੋਂ ਦੀ ਲੰਘ ਰਿਹਾ ਸੀ ਤਾਂ ਅਚਾਨਕ ਡੀ. ਐੱਮ. ਯੂ. ਟਰੇਨ ਆ ਗਈ ਅਤੇ ਫਾਟਕ ਖੁੱਲ੍ਹਾ ਹੋਣ ਕਾਰਨ ਡਰਾਈਵਰ ਨੇ ਅਚਾਨਕ ਬ੍ਰੇਕਾਂ ਮਾਰ ਕੇ ਗੱਡੀ ਰੋਕੀ। ਜਦ ਟਰੇਨ ਦੇ ਡਰਾਈਵਰ ਅਤੇ ਗਾਰਡ ਨੇ ਜਾ ਕੇ ਕੈਬਿਨ ’ਚ ਵੇਖਿਆ ਤਾਂ ਗੇਟਮੈਨ ਗੁੜ੍ਹੀ ਨੀਂਦ ਸੁੱਤਾ ਪਿਆ ਸੀ, ਉਨ੍ਹਾਂ ਵੱਲੋਂ ਕਈ ਵਾਰ ਗੇਟਮੈਨ ਨੂੰ ਹਲਾਉਣ ਤੋਂ ਬਾਅਦ ਵੀ ਉਹ ਨੀਂਦ ’ਚੋਂ ਨਾ ਜਾਗਿਆ। ਇਸ ’ਤੇ ਗਾਰਡ ਅਤੇ ਡਰਾਈਵਰ ਨੇ ਰੇਲਵੇ ਫਾਟਕ ਨੂੰ ਜਲਦਬਾਜ਼ੀ ’ਚ ਬੰਦ ਕੀਤਾ, ਜਿਸ ਨਾਲ ਕੁਝ ਵਾਹਨ ਫਾਟਕ ਵਿਚ ਹੀ ਫਸ ਗਏ। ਬਾਅਦ ’ਚ ਟਰੇਨ ਦੇ ਡਰਾਈਵਰ ਅਤੇ ਗਾਰਡ ਨੇ ਫਾਟਕ ਬੰਦ ਕਰਨ ਤੋਂ ਬਾਅਦ ਆਪਣੀ ਰੇਲ ਗੱਡੀ ਨੂੰ ਰੇਲਵੇ ਸਟੇਸ਼ਨ ਲੋਹੀਆਂ ਖਾਸ ਨੂੰ ਰਵਾਨਾ ਕੀਤਾ।
ਬਾਅਦ ’ਚ ਫਾਟਕ ’ਤੇ ਇਕੱਠੇ ਹੋਏ ਲੋਕਾਂ ਨੇ ਗੇਟਮੈਨ ਨੂੰ ਜਗਾਇਆ ਅਤੇ ਉਸ ਨੂੰ ਲਾਹਨਤਾਂ ਪਾਈਆਂ ਪਰ ਇਸ ਮੌਕੇ ’ਤੇ ਗੇਟਮੈਨ ਨੇ ਗਲਤੀ ਮੰਨਣ ਤੋਂ ਇਨਕਾਰੀ ਹੁੰਦੇ ਹੋਏ ਕਿਹਾ ਕਿ ਇਹ ਡਰਾਈਵਰ ਅਤੇ ਗਾਰਡ ਦੀ ਜ਼ਿੰਮੇਵਾਰੀ ਹੈ ਕਿ ਜੇ ਫਾਟਕ ਖੁੱਲ੍ਹਾ ਹੈ ਤਾਂ ਉਹ ਬੰਦ ਕਰਨ। ਉਸ ਦਾ ਕਹਿਣਾ ਸੀ ਕਿ ਇਹ ਗਲਤੀ ਅਕਸਰ ਗੇਟਮੈਨ ਕੋਲੋਂ ਹੋ ਜਾਂਦੀ ਹੈ ਅਤੇ ਉਸ ਨੂੰ ਆਪਣੀ ਗਲਤੀ ਦਾ ਕੋਈ ਪਛਤਾਵਾ ਨਹੀਂ ਹੈ।
