ਖੋਲ੍ਹੇ ਜਾਣਗੇ ਸੁਖਨਾ ਝੀਲ ਦੇ ਫਲੱਡ ਗੇਟ! ਖ਼ਤਰੇ ਦੇ ਨਿਸ਼ਾਨ ਨੇੜੇ ਪੁੱਜਿਆ ਪਾਣੀ

ਚੰਡੀਗੜ੍ਹ : ਚੰਡੀਗੜ੍ਹ ‘ਚ ਸੋਮਵਾਰ ਨੂੰ ਪਏ ਭਾਰੀ ਮੀਂਹ ਕਾਰਨ ਸੁਖਨਾ ਝੀਲ ਦੇ ਪਾਣੀ ਦਾ ਪੱਧਰ 1158.5 ਫੁੱਟ ਤੱਕ ਪਹੁੰਚ ਗਿਆ ਸੀ, ਜਦੋਂ ਕਿ ਖ਼ਤਰੇ ਦਾ ਨਿਸ਼ਾਨ 1163 ਫੁੱਟ ਹੈ ਅਤੇ ਇਸ ਵੇਲੇ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਤੋਂ 4.5 ਫੁੱਟ ਘੱਟ ਹੈ। ਅਧਿਕਾਰੀਆਂ ਦੇ ਮੁਤਾਬਕ ਪਿਛਲੇ ਦਿਨ ਪਏ ਮੀਂਹ ਕਾਰਨ ਝੀਲ ਦੇ ਪਾਣੀ ਦਾ ਪੱਧਰ ਕਰੀਬ ਇਕ ਫੁੱਟ ਵੱਧ ਗਿਆ ਹੈ। ਫਿਲਹਾਲ ਯੂ. ਟੀ. ਇੰਜੀਨੀਅਰਿੰਗ ਵਿਭਾਗ ਨੇ ਝੀਲ ਦੀ ਨਿਗਰਾਨੀ ਲਈ 24 ਘੰਟੇ ਚੱਲਣ ਵਾਲਾ ਕੰਟਰੋਲ ਰੂਮ ਸ਼ੁਰੂ ਕਰ ਦਿੱਤਾ ਹੈ ਅਤੇ ਸੀ. ਸੀ. ਟੀ. ਵੀ. ਕੈਮਰੇ ਵੀ ਲਾਏ ਗਏ ਹਨ।

ਵਿਭਾਗ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਜੇਕਰ ਝੀਲ ਦੇ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਨੂੰ ਪਾਰ ਕਰਦਾ ਹੈ ਤਾਂ ਝੀਲ ਦੇ ਹੜ੍ਹ ਵਾਲੇ ਗੇਟ ਖੋਲ੍ਹ ਦਿੱਤੇ ਜਾਣਗੇ ਅਤੇ ਸੁਖਨਾ ਚੋਅ ‘ਚ ਪਾਣੀ ਛੱਡਿਆ ਜਾਵੇਗਾ ਤਾਂ ਜੋ ਸ਼ਹਿਰ ‘ਚ ਹੜ੍ਹ ਦੇ ਹਾਲਾਤ ਨਾ ਬਣਨ। ਇਹ ਵੀ ਦੱਸਣਾ ਬਣਦਾ ਹੈ ਕਿ ਭਿਆਨਕ ਗਰਮੀ ਅਤੇ ਤੇਜ਼ ਧੁੱਪ ਕਾਰਨ ਝੀਲ ਦੇ ਪਾਣੀ ਦਾ ਪੱਧਰ 14 ਜੂਨ ਨੂੰ ਘੱਟ ਕੇ 1156.5 ਫੁੱਟ ਰਹਿ ਗਿਆ ਸੀ, ਜੋ 15 ਮਈ ਨੂੰ ਦਰਜ 1157 ਫੁੱਟ ਤੋਂ ਵੀ ਹੇਠਾਂ ਸੀ।

ਫਿਲਹਾਲ ਅੱਜ ਪੂਰੇ ਸ਼ਹਿਰ ‘ਚ ਤੇਜ਼ ਧੁੱਪ ਨਿਕਲੀ ਹੋਈ ਹੈ ਅਤੇ ਬੱਦਲਵਾਈ ਵਾਲਾ ਮੌਸਮ ਵੀ ਚਲਾ ਗਿਆ ਹੈ। ਇਸ ਤੋਂ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਜੇਕਰ ਇੰਝ ਹੀ ਧੁੱਪ ਨਿਕਲਦੀ ਰਹੀ ਅਤੇ ਮੀਂਹ ਨਾ ਪਾਇਆ ਤਾਂ ਸ਼ਾਇਦ ਸੁਖਨਾ ਝੀਲ ਦੇ ਪਾਣੀ ਦਾ ਪੱਧਰ ਕੁੱਝ ਘੱਟ ਜਾਵੇਗਾ। ਅਧਿਕਾਰੀਆਂ ਦਾ ਕਹਿਣਾ ਹੈ ਕਿ ਜੇਕਰ ਪਾਣੀ ਦਾ ਪੱਧਰ ਖ਼ਤਰ ਦੇ ਨਿਸ਼ਾਨ ‘ਤੇ ਵੀ ਪਹੁੰਚ ਜਾਂਦਾ ਹੈ ਤਾਂ ਵੀ ਵਾਧੂ ਪਾਣੀ ਸੁਖਨਾ ਚੋਅ ‘ਚ ਸੁੱਟ ਦਿੱਤਾ ਜਾਵੇਗਾ ਤਾਂ ਜੋ ਸ਼ਹਿਰ ਵਾਸੀਆਂ ਨੂੰ ਹੜ੍ਹ ਵਰਗੇ ਹਾਲਾਤ ਦਾ ਸਾਹਮਣਾ ਨਾ ਕਰਨਾ ਪਵੇ।



 

By Gurpreet Singh

Leave a Reply

Your email address will not be published. Required fields are marked *