ਨੈਸ਼ਨਲ ਟਾਈਮਜ਼ ਬਿਊਰੋ :- ‘ਸੁਪਰੀਮ ਕੋਰਟ ਨੇ ਬਿਕਰਮ ਸਿੰਘ ਮਜੀਠੀਆ ਨੂੰ ਬਰੀ ਕੀਤਾ ਹੋਇਆ ਹੈ, ਉਨ੍ਹਾਂ ’ਤੇ ਸੂਬਾ ਸਰਕਾਰ ਵੱਲੋਂ ਪੁਰਾਣੇ ਦੋਸ਼ ਲਗਾਉਣੇ ਬਿਲਕੁੱਲ ਗਲਤ ਹਨ। ਜੇ ਕੋਈ ਨਵੀਂ ਗੱਲ ਹੈ, ਮੈਨੂੰ ਉਸ ਬਾਰੇ ਕੁਝ ਪਤਾ ਨਹੀਂ।’ ਉਕਤ ਸ਼ਬਦਾਂ ਦਾ ਪ੍ਰਗਟਾਵਾ ਸਾਬਕਾ ਵਿਦੇਸ਼ ਰਾਜ ਮੰਤਰੀ ਪਰਨੀਤ ਕੌਰ ਨੇ ਕੀਤਾ। ਉਹ ਨਾਭਾ ’ਚ ਸਾਬਕਾ ਨਗਰ ਕੌਂਸਲ ਦੇ ਪ੍ਰਧਾਨ ਰਜਨੀਸ਼ ਮਿੱਤਲ ਸ਼ੈਂਟੀ ਦੀ ਮੌਤ ’ਤੇ ਉਨ੍ਹਾਂ ਦੇ ਘਰ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਪਹੁੰਚੇ ਸਨ।
ਪਰਨੀਤ ਕੌਰ ਨੇ ਕਿਹਾ ਕਿ ਰਜਨੀਸ਼ ਮਿੱਤਲ ਸ਼ੈਟੀ ਦਾ ਬੇਵਕਤ ਦੁਨੀਆ ਤੋਂ ਚਲੇ ਜਾਣਾ ਪਰਿਵਾਰ ਦੇ ਨਾਲ-ਨਾਲ ਉਸ ਦੇ ਚਾਹੁਣ ਵਾਲਿਆਂ ਨੂੰ ਵੱਡਾ ਘਾਟਾ ਹੈ ਜੋ ਕਦੇ ਪੂਰਾ ਨਹੀਂ ਹੋ ਸਕਦਾ । ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਪੂਰਾ ਯਕੀਨ ਹੈ ਕਿ ਮਜੀਠੀਆ ਸਬੰਧੀ ਕੋਰਟ ਸਹੀ ਫੈਸਲਾ ਕਰੇਗਾ। ਪੰਜਾਬ ਸਰਕਾਰ ਵੱਲੋਂ ਬੇਅਦਬੀ ਦੀਆਂ ਲਗਾਤਾਰ ਵਾਪਰ ਰਹੀਆਂ ਘਟਨਾਵਾਂ ਨੂੰ ਲੈ ਕੇ ਸਖਤ ਕਾਨੂੰਨ ਬਣਾਉਣ’ਤੇ ਪਰਨੀਤ ਕੌਰ ਨੇ ਕਿਹਾ ਕਿ ਭਾਵੇਂ ਕਿ ਸਰਕਾਰ ਇਹ ਕਾਨੂੰਨ ਤਾਂ ਬਣਾ ਰਹੀ ਹੈ ਪਰ ਗਰਾਊਂਡ ਜ਼ੀਰੋ ’ਤੇ ਇਨ੍ਹਾਂ ਦੀ ਕੋਈ ਕਾਰਗੁਜ਼ਾਰੀ ਨਹੀਂ ਹੈ, ਸੜਕਾਂ ਟੁੱਟੀਆਂ ਪਈਆਂ ਹਨ ਅਤੇ ਕਿਸੇ ਤਰ੍ਹਾਂ ਦੀ ਗਰਾਂਟ ਪਿੰਡਾਂ ਸ਼ਹਿਰਾਂ ’ਚ ਨਹੀਂ ਦਿੱਤੀ ਗਈ, ਇਹ ਤਾਂ ਸਿਰਫ ਢੋਂਗ ਰਚਾ ਕੇ ਸਿਰਫ ਫੋਟੋਆਂ ਖਿਵਾਉਣ ਜੋਗੇ ਹੀ ਰਹਿ ਗਏ ਹਨ।
ਪਰਨੀਤ ਕੌਰ ਨੇ ਡਰੇਨਾਂ ਦੀ ਸਫਾਈ ਨੂੰ ਲੈ ਕੇ ਕਿਹਾ ਕਿ ਜੇ ਰੱਬ ਨਾ ਕਰੇ ਪੰਜਾਬ ਵਿੱਚ ਹੜ੍ਹ ਆ ਜਾਂਦੇ ਹਨ ਤਾਂ ਵੱਡੀ ਤਬਾਹੀ ਹੋ ਸਕਦੀ ਹੈ। ਡਰੇਨਾਂ ਦੀ ਕੋਈ ਵੀ ਸਫਾਈ ਨਹੀਂ ਕਰਵਾਈ ਗਈ। ਪਹਿਲਾਂ ਵੀ ਘੱਗਰ ਦਰਿਆ ਦੇ ਨਾਲ ਤਬਾਹੀ ਆਈ ਸੀ, ਉਸ ਨਾਲ ਘਰਾਂ ਦੇ ਘਰ ਤਬਾਹ ਹੋ ਗਏ ਸੀ ਅਤੇ ਭਗਵੰਤ ਮਾਨ ਕਹਿੰਦਾ ਸੀ ਕਿ ਅਸੀਂ ਬੱਕਰੀ ਦਾ ਵੀ ਮੁਆਵਜ਼ਾ ਦੇਵਾਂਗੇ ਪਰ ਗਰਾਊਂਡ ਲੈਵਲ ’ਤੇ ਕੁਝ ਨਹੀਂ ਕੀਤਾ। ਅਬੋਹਰ ਵਿਖੇ ਕੱਪੜਾ ਵਪਾਰੀ ਦੇ ਕਤਲ ਦੇ ਮਾਮਲੇ ’ਤੇ ਪਰਨੀਤ ਕੌਰ ਨੇ ਕਿਹਾ ਕਿ ਪੰਜਾਬ ਵਿੱਚ ਕਾਨੂੰਨ ਵਿਵਸਥਾ ਦੀ ਸਥਿਤੀ ਵਿਗੜ ਚੁੱਕੀ ਹੈ ਅਤੇ ਹਰ ਰੋਜ਼ ਨਵੀਆਂ ਘਟਨਾਵਾਂ ਵਾਪਰ ਰਹੀਆਂ ਹਨ। ਇਸ ਮੌਕੇ ਰਜੇਸ਼ ਕੁਮਾਰ ਬੱਬੂ ਬਾਸਲ ਜ਼ਿਲ੍ਹਾ ਭਾਜਪਾ ਆਗੂ, ਬਰਿੰਦਰ ਬਿੱਟੂ ਭਾਜਪਾ ਆਗੂ, ਮੰਡਲ ਪ੍ਰਧਾਨ ਪੰਮੀ ਤੋਂ ਇਲਾਵਾ ਭਾਜਪਾ ਨਾਲ ਸੰਬੰਧਿਤ ਆਗੂ ਅਤੇ ਵਰਕਰ ਹਾਜ਼ਰ ਸਨ।