‘ਆਪ’ ਦੇ ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਨੇ ਸੂਬਾ ਸਰਕਾਰ ਨੂੰ ਦਿੱਤੀ ਆਪਣੀ ਨੀਤੀ ’ਤੇ ਮੁੜ ਵਿਚਾਰ ਕਰਨ ਦੀ ਨਸੀਹਤ

ਨੈਸ਼ਨਲ ਟਾਈਮਜ਼ ਬਿਊਰੋ :-:ਪੰਜਾਬ ਦੀ ਸੱਤਾਧਾਰੀ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਤੇ ਸਨਅਤਕਾਰ ਵਿਕਰਮਜੀਤ ਸਿੰਘ ਸਾਹਨੀ ਨੇ ਆਪਣੀ ਹੀ ਸਰਕਾਰ ਨੂੰ ਸਨਅਤਾਂ ਦੇ ਪਸਾਰ ਲਈ ਪੰਜਾਬ ’ਚ ਈਕੋ ਸਿਸਟਮ ਬਣਾਉਣ ਦੀ ਲੋੜ ’ਤੇ ਜ਼ੋਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਵਿਸ਼ਵ ਪੱਧਰੀ ਇਨਫ੍ਰਾਸਟਰੱਕਚਰ ਸਥਾਪਿਤ ਕਰ ਕੇ, ਫੋਕਲ ਪੁਆਇੰਟਸ ਤੇ ਇੰਡਸਟ੍ਰੀਅਲ ਜ਼ੋਨ ਨੂੰ ਮਜ਼ਬੂਤ ਕਰ ਕੇ ਇਥੋਂ ਦੇ ਸਨਅਤਕਾਰਾਂ ਲਈ ਨਿਵੇਸ਼ ਲਈ ਪੰਜਾਬ ਨੂੰ ਪਹਿਲੀ ਪਸੰਦ ਬਣਾਇਆ ਜਾਵੇ ਤਾਂਕਿ ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀਆਂ ਮਿਲ ਸਕਣ।

ਇਹ ਟਿੱਪਣੀ ਉਨ੍ਹਾਂ ਆਪਣੇ ਫੇਸਬੁੱਕ ਪੇਜ ’ਤੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਮੋਹਨ ਯਾਦਵ ਤੇ ਅਹਿਮ ਸਨਅਤਕਾਰਾਂ ਨੂੰ ਮਿਲਣ ਤੋਂ ਬਾਅਦ ਕੀਤੀ। ਉਨ੍ਹਾਂ ਲਿਖਿਆ, ‘ਲੁਧਿਆਣਾ ਦੀ ਇੰਡਸਟ੍ਰੀ ਨੇ 15600 ਕਰੋੜ ਰੁਪਏ ਦੇ ਮੱਧ ਪ੍ਰਦੇਸ਼ ’ਚ ਨਿਵੇਸ਼ ਕਰਨ ਦੀ ਪੇਸ਼ਕਸ਼ ਦੇ ਕੇ ਆਪਣੀ ਤਾਕਤ ਦਿਖਾਈ ਹੈ। ਇਹ ਨਿਵੇਸ਼ 20 ਹਜ਼ਾਰ ਨੌਜਵਾਨਾਂ ਨੂੰ ਰੁਜ਼ਗਾਰ ਦੇਵੇਗਾ। ਉਨ੍ਹਾਂ ਅੱਗੇ ਲਿਖਿਆ ਕਿ ਹੇਠਲੇ ਸਨਅਤਕਾਰਾਂ ’ਚ ਪੰਜ ਹਜ਼ਾਰ ਕਰੋੜ ਰੁਪਏ ਟ੍ਰਾਈਡੈਂਟ, 2000 ਕਰੋੜ ਰੁਪਏ ਰਾਲਸਨ, 2500 ਕਰੋੜ ਰੁਪਏ ਵਰਧਮਾਨ, 1200 ਕਰੋੜ ਰੁਪਏ ਨਾਹਰ, 1300 ਕਰੋੜ ਰੁਪਏ ਪੀਵੀ ਕਾਟਸਪਿਨ, 700 ਕਰੋੜ ਰੁਪਏ ਕ੍ਰਿਮੀਕਾ ਤੇ 1300 ਕਰੋੜ ਰੁਪਏ ਦੀਪਕ ਫਾਸਟਨਰਜ਼ ਵੱਲੋਂ ਨਿਵੇਸ਼ ਕੀਤਾ ਜਾਣਾ ਹੈ। ਸੱਤਾਧਾਰੀ ਪਾਰਟੀ ਦੇ ਨੇਤਾ ਦਾ ਇਸ ਤਰ੍ਹਾਂ ਪੰਜਾਬ ਦੀ ਇੰਡਸਟ੍ਰੀ ਦਾ ਦੂਜੇ ਸੂਬੇ ’ਚ ਨਿਵੇਸ਼ ਕਰਨ ਦੀ ਸ਼ਲਾਘਾ ਪਾਰਟੀ ਦੇ ਨੇਤਾਵਾਂ ਦੇ ਗਲੇ ’ਚ ਨਹੀਂ ਉਤਰ ਰਹੀ ਹੈ। ਦਰਅਸਲ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਈ ਵਾਰ ਦਾਅਵਾ ਕਰ ਚੁੱਕੇ ਹਨ ਕਿ ਪੰਜਾਬ ’ਚ ਮਾਹੌਲ ਨਿਵੇਸ਼ਕਾਂ ਲਈ ਸਭ ਤੋਂ ਸਹੀ ਬਣਾ ਦਿੱਤਾ ਗਿਆ ਹੈ। ਸਨਅਤਾਂ ਨੂੰ ਸਭ ਤੋਂ ਸਸਤੀ ਬਿਜਲੀ ਦਿੱਤੀ ਜਾ ਰਹੀ ਹੈ। ਉਨ੍ਹਾਂ ਨੂੰ ਜ਼ਮੀਨਾਂ ਲਈ ਪਹਿਲੀ ਵਾਰ ਗ੍ਰੀਨ ਅਸ਼ਟਾਮ ਪੇਪਰ ਦੇਣ ਦੀ ਗੱਲ ਕੀਤੀ ਜਾ ਰਹੀ ਹੈ ਤਾਂਕਿ ਕੋਈ ਭ੍ਰਿਸ਼ਟਾਚਾਰ ਨਾ ਕਰ ਸਕੇ। ਰੋਡ ਇਨਫ੍ਰਾਸਟਰੱਕਚਰ ਆਦਿ ਬਣਾਉਣ ਦੀ ਗੱਲ ਵੀ ਕੀਤੀ ਜਾ ਰਹੀ ਹੈ ਪਰ ਉਸ ਮੌਕੇ ’ਤੇ ਕਿਸੇ ਹੋਰ ਸੂਬੇ ਦੇ ਮੁੱਖ ਮੰਤਰੀ ਆ ਕੇ ਪੰਜਾਬ ਦੇ ਸਨਅਤਕਾਰਾਂ ਨੂੰ ਆਪਣੇ ਸੂਬੇ ’ਚ ਨਿਵੇਸ਼ ਕਰਵਾਉਣ ਦੀ ਗੱਲ ਕਰ ਰਹੇ ਹਨ ਤਾਂ ਸਰਕਾਰ ’ਤੇ ਸਵਾਲ ਉੱਠਣੇ ਲਾਜ਼ਮੀ ਹਨ। ‘ਆਪ’ ਸਰਕਾਰ ਦੇ ਸਵਾ ਤਿੰਨ ਸਾਲ ਬੀਤ ਜਾਣ ਤੋਂ ਬਾਅਦ ਉਨ੍ਹਾਂ ਦਾ ਕੋਈ ਰਾਜ ਸਭਾ ਮੈਂਬਰ ਇਥੇ ਈਕੋ ਸਿਸਟਮ ਨੂੰ ਸਹੀ ਕਰਨ ਦੀ ਗੱਲ ਕਰ ਰਿਹਾ ਹੈ ਤਾਂ ਕਿਤੇ ਨਾ ਕਿਤੇ ਇਹ ਸੰਦੇਸ਼ ਵੀ ਜਾ ਰਿਹਾ ਹੈ ਕਿ ਪੰਜਾਬ ’ਚ ਹਾਲੇ ਹੋਰ ਕੰਮ ਕਰਨ ਦੀ ਲੋੜ ਹੈ।

ਦੂਜੇ ਪਾਸੇ, ਸ਼੍ਰੋਮਣੀ ਅਕਾਲੀ ਦਲ ਨੇ ਵੀ ਇਸ ’ਤੇ ਤਿੱਖੀ ਪ੍ਰਤੀਕਿਰਿਆ ਜ਼ਾਹਰ ਕੀਤੀ ਹੈ। ਪੰਜਾਬ ’ਚ ਹਾਲਾਤ ’ਤੇ ਪ੍ਰਤੀਕਿਰਿਆ ਦਿੰਦੇ ਹੋਏ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ ਕਿ 2022 ’ਚ ਪੰਜਾਬ ਦੇ ਸਨਅਤਕਾਰਾਂ ਨੇ ਯੂਪੀ ’ਚ 2950 ਕਰੋੜ ਰੁਪਏ ਦਾ ਨਿਵੇਸ਼ ਕੀਤਾ ਸੀ। 2023 ’ਚ ਉਨ੍ਹਾਂ ਯੂਪੀ ਨਾਲ 9000 ਕਰੋੜ ਰੁਪਏ ਦੇ ਐੱਮਓਯੂ ’ਤੇ ਦਸਤਖ਼ਤ ਕੀਤੇ। 2025 ’ਚ ਬੀਤੇ ਕੱਲ੍ਹ ਹੀ ਉਨ੍ਹਾਂ ਮੱਧ ਪ੍ਰਦੇਸ਼ ’ਚ 15000 ਕਰੋੜ ਰੁਪਏ ਦੇ ਨਿਵੇਸ਼ ਦਾ ਵਾਅਦਾ ਕੀਤਾ। ਉਨ੍ਹਾਂ ਕਿਹਾ ਕਿ 2007-17 ਤੱਕ ਪੰਜਾਬ ਵਪਾਰੀਆਂ ਲਈ ਇਕ ਪਸੰਦੀਦਾ ਨਿਵੇਸ਼ ਸਥਾਨ ਸੀ। ਅੱਜ ਸਨਅਤਾਂ ਕਿਉਂ ਜਾ ਰਹੀਆਂ ਹਨ? ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਕਾਰਨ ਸੂਬੇ ’ਚ ਅਰਾਜਕਤਾ ਦਾ ਬੋਲਬਾਲਾ ਹੈ, ਗੈਂਗਸਟਰਾਂ ਦਾ ਰਾਜ ਹੈ ਤੇ ਵਪਾਰੀਆਂ, ਸਨਅਤਕਾਰਾਂ, ਪੇਸ਼ੇਵਰਾਂ ਤੋਂ ਜਬਰਨ ਵਸੂਲੀ ਤੇ ਦਿਨ-ਦਿਹਾੜੇ ਕਤਲ ਹੋ ਰਹੇ ਹਨ। ਇਹ ਦੁਖਦਾਈ ਹਾਲਤ ਸਨਅਤਾਂ ਦੇ ਜਾਣ ਦਾ ਕਾਰਨ ਹਨ, ਜਿਸਨੇ ਪੰਜਾਬ ਦੇ ਅਰਥਚਾਰੇ ਨੂੰ ਡਾਵਾਂਡੋਲ ਕਰ ਦਿੱਤਾ ਹੈ।

By Gurpreet Singh

Leave a Reply

Your email address will not be published. Required fields are marked *