ਨੈਸ਼ਨਲ ਟਾਈਮਜ਼ ਬਿਊਰੋ :- ਸਿੱਖਿਆ ਤੇ ਸਿਹਤ ਵਿਭਾਗ ਵਿੱਚ ਰੁਜ਼ਗਾਰ ਮੰਗਦੇ ਬੇਰੁਜ਼ਗਾਰਾਂ ਨੇ ਐਤਵਾਰ ਨੂੰ ਸਰਕਾਰ ਵੱਲੋਂ ਦਿੱਤੀਆਂ ਤੇ ਰੱਦ ਹੋਈਆਂ ਮੀਟਿੰਗਾਂ ਦੇ ਪੱਤਰ ਮੁੱਖ ਮੰਤਰੀ ਦੀ ਕੋਠੀ ਅੱਗੇ ਸਾੜ ਕੇ ਰੋਸ ਵਿਖਾਵਾ ਕੀਤਾ। ਇਸ ਤੋਂ ਪਹਿਲਾਂ ਉਨ੍ਹਾਂ ਵੇਰਕਾ ਮਿਲਕ ਪਲਾਂਟ ਤੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਤੱਕ ਰੋਸ ਮਾਰਚ ਕੱਢਦਿਆਂ ਜ਼ੋਰਦਾਰ ਨਾਅਰੇਬਾਜ਼ੀ ਕੀਤੀ।
ਬੇਰੁਜ਼ਗਾਰ ਸਾਂਝੇ ਮੋਰਚੇ ਦੇ ਆਗੂਆਂ ਸੁਖਵਿੰਦਰ ਸਿੰਘ ਢਿੱਲਵਾਂ, ਅਮਨ ਸੇਖਾ, ਰਮਨ ਕੁਮਾਰ ਮਲੋਟ, ਹਰਜਿੰਦਰ ਸਿੰਘ ਝੁਨੀਰ ਅਤੇ ਰਿੰਕੂ ਸਿੰਘ ਨੇ ਦੱਸਿਆ ਕਿ ਪ੍ਰਸ਼ਾਸਨ ਵੱਲੋ ਪਹਿਲਾਂ 9 ਜੁਲਾਈ ਨੂੰ ਪੰਜਾਬ ਕੈਬਨਿਟ ਸਬ-ਕਮੇਟੀ ਨਾਲ ਮੀਟਿੰਗ ਕਰਵਾਉਣ ਦਾ ਭਰੋਸਾ ਦਿੱਤਾ ਸੀ ਜਿਹੜਾ ਕਿ ਰੱਦ ਹੋ ਕੇ 15 ਜੁਲਾਈ ਉੱਤੇ ਪਾਈ ਗਈ ਸੀ। ਹੁਣ ਜਦੋਂ ਕਿ 15 ਜੁਲਾਈ ਤੱਕ ਪੰਜਾਬ ਵਿਧਾਨ ਸਭਾ ਦਾ ਇਜਲਾਸ ਹੋਣਾ ਹੈ ਤਾਂ ਇਸ ਮੌਕੇ ਮੀਟਿੰਗ ਹੋਣੀ ਸੰਭਵ ਨਹੀਂ। ਇਸ ਮੌਕੇ ਪ੍ਰਸ਼ਾਸਨ ਵੱਲੋਂ 15 ਜੁਲਾਈ ਤੋਂ ਬਾਅਦ ਪੰਜਾਬ ਕੈਬਨਿਟ ਸਬ-ਕਮੇਟੀ ਨਾਲ ਮੀਟਿੰਗ ਦਾ ਪੱਤਰ ਦਿੱਤਾ ਜਾਵੇਗਾ। ਬੇਰੁਜ਼ਗਾਰਾਂ ਨੇ ਐਲਾਨ ਕੀਤਾ ਕਿ ਮੰਗਾਂ ਦਾ ਹੱਲ ਨਾ ਹੋਣ ਅਤੇ ਮੀਟਿੰਗ ਨਾ ਹੋਣ ਦੀ ਸੂਰਤ ਵਿੱਚ 14 ਅਗਸਤ ਤੋਂ ਪੱਕਾ ਮੋਰਚਾ ਸ਼ੁਰੂ ਕੀਤਾ ਜਾਵੇਗਾ।
ਇਸ ਮੌਕੇ ਮੁਨੀਸ਼ ਕੁਮਾਰ, ਗੁਰਪ੍ਰੀਤ ਸਿੰਘ ਪੱਕਾ, ਸੰਦੀਪ ਮੋਫ਼ਰ, ਹਰਵਿੰਦਰ ਸਿੰਘ, ਰਮਨ ਅਬੋਹਰ, ਗੁਰਪ੍ਰੀਤ ਸਿੰਘ ਪਟਿਆਲਾ, ਗੁਰਦੀਪ ਸਿੰਘ ਰਾਮਗੜ੍ਹ, ਮਨਜੀਤ ਕੌਰ, ਰਾਜਵੀਰ ਕੌਰ, ਲਲਿਤਾ ਪਟਿਆਲਾ, ਮਨਜੀਤ ਘੱਗਾ, ਮੱਖਣ ਸਿੰਘ ਤੋਗਾਵਾਲ, ਬਲਰਾਜ ਮੁਕਤਸਰ, ਰੁਪਿੰਦਰ ਸੁਨਾਮ, ਗੁਰਿੰਦਰ ਸਿੰਘ, ਗੁਰਸਿਮਰਨ ਸਿੰਘ, ਜਸਪਾਲ ਲਹਿਰਾਗਾਗਾ, ਸੁਨੀਲ ਫਾਜ਼ਿਲਕਾ, ਮਾਲਵਿੰਦਰ ਸਿੰਘ ਮਾਨਸਾ, ਜਗਸੀਰ ਉਪਲੀ, ਮਨਪ੍ਰੀਤ ਭਰੁਰ, ਰਾਧਿਕਾ ਪਟਿਆਲਾ, ਰਮਨਦੀਪ ਕੌਰ ਮਾਲੇਰਕੋਟਲਾ, ਮਨਦੀਪ ਕੌਰ ਮੁਕਤਸਰ, ਪਵਨਦੀਪ ਕੌਰ ਭਗਤਾ, ਪਰਮੀਤ ਕੌਰ ਫ਼ਤਹਿਗੜ੍ਹ ਸਾਹਿਬ, ਕਮਲਪ੍ਰੀਤ ਕੌਰ ਲੁਧਿਆਣਾ, ਸੰਦੀਪ ਪਾਤੜਾਂ ਹਾਜ਼ਰ ਸਨ।
ਇਹ ਹਨ ਬੇਰੁਜ਼ਗਾਰਾਂ ਦੀਆਂ ਮੁੱਖ ਮੰਗਾਂ
ਮਾਸਟਰ ਕੇਡਰ, ਲੈਕਚਰਾਰ ਅਤੇ ਸਹਾਇਕ ਪ੍ਰੋਫੈਸਰ ਦੀਆਂ ਸਾਰੇ ਵਿਸ਼ਿਆਂ ਦੀਆਂ ਸਾਰੀਆਂ ਖਾਲੀ ਅਸਾਮੀਆਂ ਦਾ ਇਸ਼ਤਿਹਾਰ ਜਾਰੀ ਕੀਤਾ ਜਾਵੇ।
ਮਾਸਟਰ ਕੇਡਰ ਉੱਤੇ ਥੋਪੀ ਗਈ ਗ੍ਰੈਜੂਏਸ਼ਨ ’ਚੋਂ 55 ਫੀਸਦੀ ਦੀ ਬੇਤੁਕੀ ਸ਼ਰਤ ਨੂੰ ਮੁੱਢੋਂ ਰੱਦ ਕੀਤਾ ਜਾਵੇ।
ਲੰਬੇ ਸਮੇਂ ਤੋਂ ਭਰਤੀਆਂ ਨਾ ਆਉਣ ਕਰਕੇ ਆਪਣੀ ਉਮਰ ਲੰਘਾ ਚੁੱਕੇ ਉਮੀਦਵਾਰਾਂ ਨੂੰ ਉਮਰ ਹੱਦ ’ਚ ਛੋਟ ਦਿੱਤੀ ਜਾਵੇ।
ਆਰਟ ਐਂਡ ਕਰਾਫਟ ਦੀਆਂ 250 ਅਸਾਮੀਆਂ ਦਾ ਲਿਖਤੀ ਪੇਪਰ ਤੁਰੰਤ ਲਿਆ ਜਾਵੇ।
ਮਲਟੀਪਰਪਜ਼ ਹੈਲਥ ਵਰਕਰਾਂ ਦੀਆਂ 270 ਅਸਾਮੀਆਂ ਉਮਰ ਹੱਦ ਛੋਟ ਦੇ ਕੇ ਭਰੀਆਂ ਜਾਣ।
ਲੈਕਚਰਾਰ ਦੇ ਸਬਜੈਕਟ ਕੰਬੀਨੇਸ਼ਨ ’ਚ ਸੋਧ ਕਰਕੇ ਸਾਰੇ ਵਿਸ਼ਿਆਂ ਦੀਆਂ ਅਸਾਮੀਆਂ ਦਾ ਇਸ਼ਤਿਹਾਰ ਜਾਰੀ ਕੀਤਾ ਜਾਵੇ। 343 ਲੈਕਚਰਾਰ ਭਰਤੀ ਰੱਦ ਹੋਣ ਕਾਰਣ ਓਵਰਏਜ ਹੋ ਚੁੱਕੇ ਉਮੀਦਵਾਰਾਂ ਨੂੰ ਆਉਣ ਵਾਲੀ ਭਰਤੀ ਵਿੱਚ ਮੌਕਾ ਦਿੱਤਾ ਜਾਵੇ।
ਪੰਜਾਬ ਦੀਆਂ ਨੌਕਰੀਆਂ ਲਈ ਬਾਹਰਲੇ ਰਾਜਾਂ ਦਾ ਕੋਟਾ ਸੀਮਤ ਕੀਤਾ ਜਾਵੇ।
