ਨੈਸ਼ਨਲ ਟਾਈਮਜ਼ ਬਿਊਰੋ :- ਸ਼ੰਘਾਈ ਸਹਿਯੋਗ ਸੰਗਠਨ (SCO) ਦੇ ਇੱਕ ਸੰਮੇਲਨ ਵਿੱਚ ਸ਼ਾਮਲ ਹੋਣ ਲਈ ਚੀਨ ਪੁੱਜੇ ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਸੋਮਵਾਰ ਨੂੰ ਉੱਥੋਂ ਦੇ ਉਪ ਰਾਸ਼ਟਰਪਤੀ ਹਾਨ ਜ਼ੇਂਗ ਨਾਲ ਮੁਲਾਕਾਤ ਕੀਤੀ। ਉਨ੍ਹਾਂ ਹਾਨ ਜ਼ੇਂਗ ਨੂੰ ਦੱਸਿਆ ਕਿ ਭਾਰਤ-ਚੀਨ ਸਬੰਧਾਂ ਦਾ ਲਗਾਤਾਰ ਸਾਧਾਰਨਕਰਨ ਆਪਸੀ ਲਾਭਕਾਰੀ ਨਤੀਜੇ ਦੇ ਸਕਦਾ ਹੈ ਅਤੇ ਅਲਮੀ ਪੱਧਰ ’ਤੇ ਦਿਖਾਈ ਦੇ ਰਹੀ ਜਟਿਲ ਤਸਵੀਰ ਦੇ ਮੱਦੇਨਜ਼ਰ ਦੋਵਾਂ ਧਿਰਾਂ ਵਿਚਾਲੇ ਵਿਚਾਰਾਂ ਦਾ ਖੁੱਲ੍ਹਾ ਆਦਾਨ-ਪ੍ਰਦਾਨ ਬਹੁਤ ਮਹੱਤਵਪੂਰਨ ਹੈ।
ਵਿਦੇਸ਼ ਮੰਤਰੀ ਨੇ ਸਿੰਗਾਪੁਰ ਤੋਂ ਚੀਨੀ ਰਾਜਧਾਨੀ ਪਹੁੰਚਣ ਤੋਂ ਤੁਰੰਤ ਬਾਅਦ ਆਪਣੀ ਦੋ-ਦੇਸ਼ਾਂ ਦੀ ਯਾਤਰਾ ਦੇ ਦੂਜੇ ਅਤੇ ਆਖਰੀ ਪੜਾਅ ਵਿੱਚ ਝੇਂਗ ਨਾਲ ਗੱਲਬਾਤ ਕੀਤੀ। ਜੈਸ਼ੰਕਰ ਚੀਨੀ ਸ਼ਹਿਰ ਤਿਆਨਜਿਨ ਵਿੱਚ ਸ਼ੰਘਾਈ ਸਹਿਯੋਗ ਸੰਗਠਨ (SCO) ਦੇ ਇੱਕ ਸੰਮੇਲਨ ਵਿੱਚ ਸ਼ਾਮਲ ਹੋਣ ਲਈ ਚੀਨ ਦਾ ਦੌਰਾ ਕਰ ਰਹੇ ਹਨ। 2020 ਵਿੱਚ ਪੂਰਬੀ ਲੱਦਾਖ ਵਿੱਚ ਅਸਲ ਕੰਟਰੋਲ ਰੇਖਾ (LAC) ਦੇ ਨਾਲ ਫੌਜੀ ਟਕਰਾਅ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਾਲੇ ਸਬੰਧਾਂ ਵਿੱਚ ਭਾਰੀ ਤਣਾਅ ਉਪਰੰਤ ਜੈਸ਼ੰਕਰ ਦੀ ਇਹ ਪਹਿਲੀ ਚੀਨ ਯਾਤਰਾ ਹੈ।
