
ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਨੇਤਾ ਤਰੁਣਪ੍ਰੀਤ ਸੌਂਦ ਨੇ ਨਸ਼ੇ ਬਾਰੇ ਟਿੱਪਣੀ ਕਰਦਿਆਂ ਕਿਹਾ ਕਿ ਪੰਜਾਬ ਵੱਖ-ਵੱਖ ਸਰਕਾਰਾਂ ਹੰਡਾ ਚੁੱਕਾ ਹੈ ਪਰ ਨਸ਼ਾ ਮੁੱਦੇ ‘ਤੇ ਪਹਿਲਾਂ ਗੰਭੀਰਤਾ ਨਹੀਂ ਦਿਖਾਈ ਗਈ। ਉਨ੍ਹਾਂ ਕਿਹਾ ਕਿ “2007 ਵਿਚ ਜਦੋਂ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੀ ਗਠਜੋੜ ਵਾਲੀ ਸਰਕਾਰ ਆਈ, ਉਸ ਸਮੇਂ ਘਰ-ਘਰ ਨਸ਼ਾ ਪਹੁੰਚਣਾ ਸ਼ੁਰੂ ਹੋ ਗਿਆ। ਇਸ ਤੋਂ ਪਹਿਲਾਂ ਲੋਕਾਂ ਨੂੰ ਨਸ਼ੇ ਦਾ ਪਤਾ ਵੀ ਨਹੀਂ ਸੀ।
ਸੌਂਦ ਨੇ ਦੱਸਿਆ ਕਿ 2017 ‘ਚ ਕਾਂਗਰਸ ਸਰਕਾਰ ਤੋਂ ਲੋਕਾਂ ਨੂੰ ਉਮੀਦਾਂ ਸੀ ਕਿ ਇਹ ਜੋ ਲੋਕ ਗੁਰੂ ਘਰ ਦੀਆਂ ਸੁਹੰ ਖਾ ਰਹੇ ਹਨ, ਇਹ ਹੀ ਪੰਜਾਬ ਲਈ ਕੁਝ ਵਧੀਆ ਕਰਣਗੇ, ਪਰ ਉਹ ਵੀ ਨਸ਼ੇ ਨੂੰ ਰੋਕਣ ‘ਚ ਨਾਕਾਮ ਰਹੇ। ਉਨ੍ਹਾਂ ਦਾਅਵਾ ਕੀਤਾ ਕਿ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਦੌਰਾਨ ਹਾਲਾਤ ਬਦਲੇ ਹਨ। ਪੰਜਾਬ ਦੇ ਸੱਤ ਹਜ਼ਾਰ ਪਿੰਡ ਨਸ਼ਾ ਮੁਕਤ ਹੋ ਚੁੱਕੇ ਹਨ। ਕੁਝ ਪਿੰਡਾਂ ਨੇ ਤਾਂ ਆਪਣੀਆਂ ਹੱਦਾਂ ‘ਤੇ ਬੋਰਡ ਲਗਾ ਦਿੱਤੇ ਹਨ ਕਿ ਉਹ 100 ਫੀਸਦੀ ਨਸ਼ਾ ਮੁਕਤ ਪਿੰਡ ਹਨ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਨੇ ਪੰਜਾਬ ਦੇ ਨੌਜਵਾਨਾਂ ਨੂੰ ਨਸ਼ੇ ਦੀ ਦਲਦਲ ਤੋਂ ਬਾਹਰ ਕੱਢਿਆ ਹੈ ਅਤੇ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਵੀ ਦਿੱਤੇ ਹਨ।
ਇਸ ਤੋਂ ਇਲਾਵਾ ਉਨ੍ਹਾਂ ਪੰਜਾਬ ਵਿਚ ਨੌਜਵਾਨਾਂ ਲਈ ਵੱਡਾ ਐਲਾਨ ਕਰਦਿਆਂ ਕਿਹਾ ਕਿ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਅਗਲੇ ਛੇ ਮਹੀਨਿਆਂ ‘ਚ ਪੰਜਾਬ ਭਰ ਵਿੱਚ 3000 ਖੇਡ ਮੈਦਾਨ ਬਣਾਏ ਜਾਣਗੇ। ਉਨ੍ਹਾਂ ਦੱਸਿਆ ਕਿ ਇਹ ਮੈਦਾਨ ਨਾ ਸਿਰਫ ਖੇਡਾਂ ਲਈ ਹੋਣਗੇ, ਸਗੋਂ ਇਨ੍ਹਾਂ ਵਿੱਚ ਹਰ ਤਰ੍ਹਾਂ ਦੀ ਆਧੁਨਿਕ ਸਹੂਲਤ ਵੀ ਦਿੱਤੀ ਜਾਵੇਗੀ, ਤਾਂ ਜੋ ਨੌਜਵਾਨ ਆਪਣੀ ਖੇਡ ਕਾਬਲੀਅਤ ਨੂੰ ਨਿਖਾਰ ਸਕਣ। ਸੌਂਦ ਨੇ ਕਿਹਾ ਕਿ ਸਾਡਾ ਮਕਸਦ ਹੈ ਕਿ ਪੰਜਾਬ ਨੂੰ ਰੰਗਲਾ ਪੰਜਾਬ ਬਣਾਇਆ ਜਾਵੇ, ਜਿੱਥੇ ਨੌਜਵਾਨ ਮੰਦੇ ਰਸਤੇ ਨਹੀਂ, ਸਹੀ ਰਸਤੇ ਚੁਣਣ। ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਦੀ ਜੋੜੀ ਦੀ ਤਾਰੀਫ ਕਰਦਿਆਂ ਕਿਹਾ ਕਿ “ਇਹ ਜੋੜੀ ਪੰਜਾਬ ਦੀ ਤਕਦੀਰ ਬਦਲਣ ਲਈ ਕੰਮ ਕਰ ਰਹੀ ਹੈ।
