
ਲੁਧਿਆਣਾ: ਸਿੱਖਿਆਤਮਕ ਅਤੇ ਮਨੋਰੰਜਨ ਸਥਲਾਂ ਨੇੜੇ ਸੁਰੱਖਿਆ ਨੂੰ ਯਕੀਨੀ ਬਣਾਉਣ ਵੱਲ ਇਕ ਵੱਡੇ ਕਦਮ ਦੇ ਤੌਰ ‘ਤੇ ਕਮਿਸ਼ਨਰੇਟ ਪੁਲਸ ਲੁਧਿਆਣਾ ਨੇ ਈਵ-ਟੀਜ਼ਿੰਗ ਅਤੇ ਉਤਪੀੜਨ ਵਿਰੁੱਧ ਇਕ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਹੈ। ਇਹ ਮੁਹਿੰਮ ਪੁਲਸ ਕਮਿਸ਼ਨਰ ਸਵਪਨ ਸ਼ਰਮਾ ਦੀ ਅਗਵਾਈ ਹੇਠ ਚਲਾਈ ਜਾ ਰਹੀ ਹੈ।
ਇਸ ਮੁਹਿੰਮ ਦੌਰਾਨ ਕੁੱਲ੍ਹ 12 ਪੁਲਸ ਟੀਮਾਂ- ਜਿਨ੍ਹਾਂ ਵਿਚ 4 ਐਡਿਸ਼ਨਲ ਡਿਪਟੀ ਕਮਿਸ਼ਨਰ ਆਫ਼ ਪੁਲਸ ਅਤੇ ਹੋਰ ਗਜ਼ਟਿਡ ਅਧਿਕਾਰੀ ਸ਼ਾਮਲ ਸਨ। ਜਿਨ੍ਹਾਂ ਨੂੰ ਕਮਿਸ਼ਨਰੇਟ ਦੇ ਅਹਿਮ ਸਥਾਨਾਂ ‘ਤੇ ਤਾਇਨਾਤ ਕੀਤਾ ਗਿਆ। ਇਹ ਟੀਮਾਂ ਸਕੂਲਾਂ, ਕਾਲਜਾਂ ਅਤੇ ਮਨੋਰੰਜਨ ਥਾਵਾਂ ਨੇੜੇ ਤਿੱਖੀ ਜਾਂਚ ਕਰਦੀਆਂ ਰਹੀਆਂ। ਕਾਰਵਾਈ ਦੇ ਨਤੀਜੇ ਵਜੋਂ ਪੁਲਸ ਵੱਲੋਂ 118 ਚਾਲਾਨ ਜਾਰੀ ਕੀਤੇ ਗਏ ਅਤੇ 12 ਵਾਹਨ ਜ਼ਬਤ ਕੀਤੇ ਗਏ।
ਇਸ ਕਾਰਵਾਈ ਦਾ ਉਦੇਸ਼ ਵਿਦਿਆਰਥੀਆਂ ਅਤੇ ਆਮ ਜਨਤਾ, ਖਾਸ ਕਰਕੇ ਸਕੂਲ ਤੇ ਕਾਲਜ ਜਾਣ ਵਾਲੇ ਨੌਜਵਾਨਾਂ ਲਈ ਇਕ ਸੁਰੱਖਿਅਤ ਅਤੇ ਆਦਰਯੋਗ ਵਾਤਾਵਰਨ ਤਿਆਰ ਕਰਨਾ ਸੀ। ਚੈਕਿੰਗ ਪੁਆਇੰਟਾਂ ‘ਤੇ ਪੁਲਸ ਦੀ ਮੌਜੂਦਗੀ ਨੇ ਲੋਕਾਂ ਲਈ ਇਕ ਪੱਕੀ ਰੋਕਥਾਮ ਅਤੇ ਵਿਸ਼ਵਾਸ ਦੋਵਾਂ ਵਜੋਂ ਕੰਮ ਕੀਤਾ। ਪੁਲਸ ਕਮਿਸ਼ਨਰ ਸਵਪਨ ਸ਼ਰਮਾ ਨੇ ਨਿਰਦੇਸ਼ ਜਾਰੀ ਕੀਤੇ ਹਨ ਕਿ ਅਜਿਹੀਆਂ ਇਨਫੋਰਸਮੈਂਟ ਮੁਹਿੰਮਾਂ ਨੂੰ ਆਉਣ ਵਾਲੇ ਦਿਨਾਂ ਵਿਚ ਹੋਰ ਤੇਜ਼ੀ ਨਾਲ ਅੱਗੇ ਵਧਾਇਆ ਜਾਵੇ, ਤਾਂ ਜੋ ਸ਼ਰਾਰਤੀ ਤੱਤਾਂ ਵਿਰੁੱਧ ਸਖ਼ਤੀ ਨਾਲ ਕਾਰਵਾਈ ਕੀਤੀ ਜਾ ਸਕੇ ਅਤੇ ਲੋਕ-ਕਾਨੂਨੀ ਅਨੁਸ਼ਾਸਨ ਬਰਕਰਾਰ ਰਹੇ।
