ਜੱਜ ਦੇ ਗੰਨਮੈਨ ਨੇ ਖ਼ੁਦ ਨੂੰ ਮਾਰੀ ਗੋਲੀ, ਗੱਡੀ ‘ਚ ਮੰਜ਼ਰ ਦੇਖ ਕੰਬੇ ਲੋਕ

ਨੈਸ਼ਨਲ ਟਾਈਮਜ਼ ਬਿਊਰੋ :- ਇੱਥੋਂ ਦੀ ਅਦਾਲਤ ‘ਚ ਤਾਇਨਾਤ ਇਕ ਮਹਿਲਾ ਜੱਜ ਦੇ ਗੰਨਮੈਨ ਨੇ ਖ਼ੁਦ ਨੂੰ ਆਪਣੀ ਸਰਵਿਸ ਪਿਸਤੌਲ ਨਾਲ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ ਹਰਜੀਤ ਸਿੰਘ(34) ਵਾਸੀ ਪਿੰਡ ਸੁੰਡਰਾ ਦੇ ਰੂਪ ‘ਚ ਹੋਈ ਹੈ। ਮ੍ਰਿਤਕ ਆਪਣੇ ਪਿੱਛੇ ਪਤਨੀ ਅਤੇ 10 ਸਾਲਾ ਦਾ ਮੁੰਡਾ ਛੱਡ ਗਿਆ ਹੈ। ਪੁਲਸ ਨੇ ਮੌਕੇ ’ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮਹਿਲਾ ਜੱਜ ਹੈਬਤਪੁਰ ਰੋਡ ’ਤੇ ਸਥਿਤ ਏ. ਟੀ. ਐੱਸ. ਵਿੱਲਾ ਸੁਸਾਇਟੀ ‘ਚ ਰਹਿੰਦੀ ਹੈ, ਜਿੱਥੇ ਗੰਨਮੈਨ ਦੀ ਲਾਸ਼ ਕਾਰ ਵਿੱਚੋਂ ਮਿਲੀ ਹੈ। ਮ੍ਰਿਤਕ ਨੇ ਇਕ ਗੋਲੀ ਆਪਣੇ ਮੱਥੇ ‘ਚ ਮਾਰੀ, ਜਿਸ ਨਾਲ ਉਸਦੀ ਮੌਕੇ ‘ਤੇ ਹੀ ਮੌਤ ਹੋ ਗਈ।

ਇਕੱਤਰ ਜਾਣਕਾਰੀ ਅਨੁਸਾਰ ਮ੍ਰਿਤਕ ਸਾਲ 2012 ‘ਚ ਪੁਲਸ ‘ਚ ਬਤੌਰ ਹੌਲਦਾਰ ਭਰਤੀ ਹੋਇਆ ਸੀ। ਉਹ ਸ਼ੁਰੂ ਤੋਂ ਹੀ ਮਹਿਲਾ ਜੱਜ ਨਾਲ ਬਤੌਰ ਗੰਨਮੈਨ ਤਾਇਨਾਤ ਸੀ। ਬੀਤੇ ਦਿਨ ਦੁਪਹਿਰ 2 ਵਜੇ ਉਹ ਮਹਿਲਾ ਜੱਜ ਦੇ ਬੱਚਿਆਂ ਨੂੰ ਸਕੂਲ ਤੋਂ ਲੈ ਕੇ ਆਇਆ, ਜਿਸ ਮਗਰੋਂ ਉਸਨੇ 4 ਵਜੇ ਡੇਰਾਬੱਸੀ ਅਦਾਲਤ ‘ਚ ਪਹੁੰਚਣਾ ਸੀ ਤਾਂ ਜੋ ਛੁੱਟੀ ਮਗਰੋਂ ਜੱਜ ਨੂੰ ਘਰ ਲੈ ਕੇ ਆ ਸਕੇ। ਇਸ ਦੌਰਾਨ ਸ਼ਾਮ ਨੂੰ ਉਸਦੀ ਲਾਸ਼ ਉਸਦੀ ਨਿੱਜੀ ਗੱਡੀ ਵਿੱਚੋਂ ਮਿਲੀ। ਗੱਡੀ ਸਟਾਰਟ ਸੀ, ਜੋ ਮਹਿਲਾ ਜੱਜ ਦੇ ਘਰ ਦੇ ਨੇੜੇ ਹੀ ਲਾਵਾਰਿਸ ਹਾਲਤ ‘ਚ ਖੜ੍ਹੀ ਸੀ।

ਖੜ੍ਹੀ ਗੱਡੀ ਸਟਾਰਟ ਦੇਖ ਕੇ ਸਥਾਨਕ ਲੋਕਾਂ ਨੇ ਇਸਦੀ ਜਾਣਕਾਰੀ ਪੁਲਸ ਨੂੰ ਦਿੱਤੀ। ਪੁਲਸ ਨੇ ਮੌਕੇ ’ਤੇ ਪਹੁੰਚ ਕੇ ਸੀਸ਼ਾ ਤੋੜ ਕੇ ਲਾਸ਼ ਨੂੰ ਬਾਹਰ ਕੱਢਿਆ। ਮ੍ਰਿਤਕ ਦਾ ਫੋਨ ਬੰਦ ਸੀ ਅਤੇ ਨੇੜੇ ਉਸ ਦੀ ਪਿਸਤੌਲ ਡਿੱਗੀ ਹੋਈ ਸੀ। ਮ੍ਰਿਤਕ ਦੇ ਤਾਏ ਦੇ ਮੁੰਡੇ ਜਸ਼ਨ ਨੇ ਦੱਸਿਆ ਕਿ ਉਸ ਨੂੰ ਕੋਈ ਵੀ ਅਜਿਹੀ ਸਮੱਸਿਆ ਨਹੀਂ ਸੀ, ਜਿਸਦੇ ਚੱਲਦੇ ਉਹ ਖ਼ੁਦਕੁਸ਼ੀ ਕਰਦਾ। ਮੌਕੇ ’ਤੇ ਪਹੁੰਚੇ ਡੀ. ਐੱਸ. ਪੀ. ਬਿਕਰਮਜੀਤ ਸਿੰਘ ਬਰਾੜ ਨੇ ਕਿਹਾ ਕਿ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਫਾਰੈਂਸਿਕ ਦੀ ਟੀਮ ਬੁਲਾ ਕੇ ਸੈਂਪਲ ਇਕੱਤਰ ਕੀਤੇ ਗਏ ਹਨ। ਉਨ੍ਹਾਂ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ, ਜਿਸ ਮਗਰੋਂ ਸੱਚਾਈ ਸਾਹਮਣੇ ਆਵੇਗੀ। ਉਨ੍ਹਾਂ ਕਿਹਾ ਮੌਕੇ ਤੋਂ ਕੋਈ ਵੀ ਖ਼ੁਦਕੁਸ਼ੀ ਨੋਟ ਬਰਾਮਦ ਨਹੀਂ ਹੋਇਆ।

By Gurpreet Singh

Leave a Reply

Your email address will not be published. Required fields are marked *