ਚੋਣ ਧਾਂਧਲੀਆਂ ਉਤੇ ਰਿਪੋਰਟ ਕਰਨ ’ਤੇ ਪੱਤਰਕਾਰ ਅਜੀਤ ਅੰਜੁਮ ਖਿਲਾਫ ਐਫ.ਆਈ.ਆਰ ਦੀ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਵੱਲੋਂ ਨਿੰਦਾ

ਚੰਡੀਗੜ੍ਹ, 18 ਜੁਲਾਈ : ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਨੇ ਬਿਹਾਰ ਵਿੱਚ ਪ੍ਰਸਿੱਧ ਪੱਤਰਕਾਰ ਅਜੀਤ ਅੰਜੁਮ ਖਿਲਾਫ ਦਰਜ ਕੀਤੀ ਗਈ ਐਫ.ਆਈ.ਆਰ ਦੀ ਕੜੀ ਨਿੰਦਾ ਕੀਤੀ ਹੈ। ਇਹ ਐਫ.ਆਈ.ਆਰ ਅਜੀਤ ਅੰਜੁਮ ਵੱਲੋਂ ਆਪਣੇ ਨਿਊਜ਼ ਚੈਨਲ ਉੱਤੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਚੋਣ ਕਮਿਸ਼ਨ ਦੀ ਕਾਰਗੁਜ਼ਾਰੀ ਅਤੇ ਚੋਣ ਪ੍ਰਕਿਰਿਆ ਵਿੱਚ ਹੋ ਰਹੀਆਂ ਧਾਂਧਲੀਆਂ ਨੂੰ ਉਜਾਗਰ ਕਰਨ ’ਤੇ ਦਰਜ ਕੀਤੀ ਗਈ।

ਅਜੀਤ ਅੰਜੁਮ ਨੇ ਆਪਣੀ ਰਿਪੋਰਟ ਵਿੱਚ ਚੋਣ ਕਮਿਸ਼ਨ ਦੀ ਵੈੱਬਸਾਈਟ ’ਤੇ ਅਧੂਰੇ ਫਾਰਮ ਅਪਲੋਡ ਹੋਣ ਅਤੇ ਉਨ੍ਹਾਂ ਅਧੂਰੇ ਦਸਤਾਵੇਜ਼ਾਂ ਦੇ ਆਧਾਰ ਤੇ ਵੋਟਰ ਲਿਸਟ ਤਿਆਰ ਹੋਣ ਦੀ ਗੰਭੀਰ ਚਿੰਤਾ ਜਤਾਈ ਸੀ। ਉਨ੍ਹਾਂ ਨੇ ਬੇਗੂ ਸਰਾਏ ਇਲਾਕੇ ਤੋਂ ਖ਼ਬਰ ਦਿੱਤੀ ਕਿ ਵੋਟਰਾਂ ਨੂੰ ਡੁਪਲੀਕੇਟ ਫਾਰਮ ਨਹੀਂ ਦਿੱਤੇ ਗਏ ਅਤੇ ਕਈ ਵੋਟਰਾਂ ਨੇ ਦੱਸਿਆ ਕਿ ਵੋਟ ਸੈਂਟਰਾਂ ’ਤੇ ਭਾਜਪਾ ਦੇ ਵਰਕਰ ਮੌਜੂਦ ਸਨ ਜੋ ਫਾਰਮ ਭਰਵਾਉਣ ਦੀ ਪ੍ਰਕਿਰਿਆ ਨੂੰ ਪ੍ਰਭਾਵਿਤ ਕਰ ਰਹੇ ਸਨ।

ਸਭਾ ਨੇ ਪੱਤਰਕਾਰ ਦੀ ਪੱਖ ’ਚ ਆਵਾਜ਼ ਚੁੱਕਦਿਆਂ ਕਿਹਾ ਕਿ ਅਜੀਤ ਅੰਜੁਮ ਨੇ ਮੌਕੇ ਦੀ ਜਾਂਚ ਕਰਕੇ ਅਤੇ ਵੋਟਰਾਂ ਦੇ ਇੰਟਰਵਿਊ ਰਿਕਾਰਡ ਕਰਕੇ ਲੋਕਤੰਤਰਿਕ ਵਿਵਸਥਾ ਦੀ ਰੱਖਿਆ ਲਈ ਮਹੱਤਵਪੂਰਨ ਕੰਮ ਕੀਤਾ ਹੈ। ਉਨ੍ਹਾਂ ਦੀ ਖ਼ਬਰਾਂ ਨਾਲ ਚੋਣ ਪ੍ਰਕਿਰਿਆ ਦੀ ਪਾਰਦਰਸ਼ਤਾ ਉਤੇ ਸਵਾਲ ਖੜ੍ਹੇ ਹੋਏ ਹਨ ਜੋ ਇਕ ਪੱਤਰਕਾਰ ਦੀ ਜ਼ਿੰਮੇਵਾਰੀ ਹੈ।

ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਨੇ ਮੰਗ ਕੀਤੀ ਹੈ ਕਿ ਅਜੀਤ ਅੰਜੁਮ ਖ਼ਿਲਾਫ ਦਰਜ ਐਫ.ਆਈ.ਆਰ ਤੁਰੰਤ ਰੱਦ ਕੀਤੀ ਜਾਵੇ ਤਾਂ ਜੋ ਪੱਤਰਕਾਰਤਾ ਦੀ ਆਜ਼ਾਦੀ ਨੂੰ ਬਣਾਈ ਰੱਖਿਆ ਜਾ ਸਕੇ। ਇਸ ਬਿਆਨ ਵਿੱਚ ਪ੍ਰਧਾਨ ਪ੍ਰੋਫੈਸਰ ਸ਼ਾਮ ਸਿੰਘ, ਜਸਪਾਲ ਸਿੰਘ ਸਿੱਧੂ, ਰਾਜਵਿੰਦਰ ਸਿੰਘ ਰਾਹੀ, ਗੁਰਪ੍ਰੀਤ ਸਿੰਘ (ਗਲੋਬਲ ਸਿੱਖ ਕੌਂਸਲ), ਸੁਰਿੰਦਰ ਸਿੰਘ ਕਿਸ਼ਨਪੁਰਾ ਅਤੇ ਡਾ. ਖੁਸ਼ਹਾਲ ਸਿੰਘ (ਜਨਰਲ ਸਕੱਤਰ) ਸ਼ਾਮਿਲ ਰਹੇ।

By Gurpreet Singh

Leave a Reply

Your email address will not be published. Required fields are marked *