ਯੂਨੀਵਰਸਿਟੀ ਦੀ ਉਸਾਰੀ ਰੋਕਣ ’ਤੇ ਸਾਬਕਾ ਸੀਐੱਮ ਚੰਨੀ ਨੇ ਕੀਤੀ ਸਰਕਾਰ ਦੀ ਨਿਖੇਧੀ, ਉਸਾਰੀ ਕਾਰਜਾਂ ਨੂੰ ਪਹਿਲ ਦੇ ਆਧਾਰ ’ਤੇ ਮੁਕੰਮਲ ਕਰਨ ਦੀ ਮੰਗ ਕੀਤੀ

ਨੈਸ਼ਨਲ ਟਾਈਮਜ਼ ਬਿਊਰੋ :- ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਲੋਕ ਸਭਾ ਮੈਂਬਰ ਚਰਨਜੀਤ ਸਿੰਘ ਚੰਨੀ ਨੇ ਪੰਜਾਬ ਸਰਕਾਰ ਵੱਲੋਂ ਪਿੰਡ ਜਟਾਣਾ ਨੇੜੇ ਬਣ ਰਹੀ ਸ੍ਰੀ ਗੁਰੂ ਗੋਬਿੰਦ ਸਿੰਘ ਸਕਿੱਲ ਯੂਨੀਵਰਸਿਟੀ ਦਾ ਬੀਤੇ ਸਾਢੇ ਤਿੰਨ ਸਾਲਾਂ ਤੋਂ ਕੰਮ ਰੋਕਣ ਦੀ ਸਖ਼ਤ ਨਿਖੇਧੀ ਕਰਦਿਆਂ ਪੰਜਾਬ ਸਰਕਾਰ ਤੋਂ ਇਸ ਯੂਨੀਵਰਸਿਟੀ ਦੇ ਉਸਾਰੀ ਕਾਰਜਾਂ ਨੂੰ ਪਹਿਲ ਦੇ ਆਧਾਰ ’ਤੇ ਮੁਕੰਮਲ ਕਰਨ ਦੀ ਮੰਗ ਕੀਤੀ ਹੈ।

ਸੋਸ਼ਲ ਮੀਡੀਆਂ ’ਤੇ ਵਾਇਰਲ ਵੀਡੀਓ ’ਚ ਚੰਨੀ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਨਗਰ ਪੰਚਾਇਤ ਸ੍ਰੀ ਚਮਕੌਰ ਸਾਹਿਬ ਤੋਂ 42 ਏਕੜ ਜ਼ਮੀਨ ਖ਼ਰੀਦ ਕੇ ਇਸ ’ਤੇ 500 ਕਰੋੜ ਰੁਪਏ ਦੀ ਲਾਗਤ ਨਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ’ਤੇ ਬਣਨ ਵਾਲੀ ਸਕਿੱਲ ਯੂਨੀਵਰਸਿਟੀ ਦਾ ਕੰਮ ਸ਼ੁਰੂ ਕਰਵਾਇਆ ਸੀ। ਉਨ੍ਹਾਂ ਦੱਸਿਆ ਕਿ ਇਸ ਯੂਨੀਵਰਸਿਟੀ ਨੂੰ ਬਣਾਉਣ ਤੋਂ ਪਹਿਲਾਂ ਉਨ੍ਹਾਂ ਤਕਨੀਕੀ ਮਾਹਿਰਾਂ ਨਾਲ ਕੈਨੇਡਾ, ਅਮਰੀਕਾ ਤੇ ਯੂਕੇ ਆਦਿ ਦੇਸ਼ਾਂ ਦਾ ਦੌਰਾ ਕਰ ਕੇ ਉੱਥੋਂ ਦੇ ਵਿਦਿਅਕ ਸਿਸਟਮ ਨੂੰ ਜਾਣਿਆ ਤੇ ਮਾਹਿਰਾਂ ਕੋਲੋਂ ਉਸ ਸਿਸਟਮ ਅਨੁਸਾਰ ਇਸ ਯੂਨੀਵਰਸਿਟੀ ’ਚ ਤਕਨੀਕੀ ਕੋਰਸ ਸ਼ੁਰੂ ਕਰਵਾਉਣ ਲਈ ਪ੍ਰੋਜੈਕਟ ਰਿਪੋਰਟ ਤਿਆਰ ਕਰਵਾਈ ਸੀ। ਉਨ੍ਹਾਂ ਦੱਸਿਆ ਕਿ ਇਸ ਯੂਨੀਵਰਸਿਟੀ ’ਚ ਹੋਰ ਤਕਨੀਕੀ ਕੋਰਸਾਂ ਤੋਂ ਬਿਨਾਂ ਏਅਰਕਰਾਫਟ ਇੰਜੀਨੀਅਰਿੰਗ ਦਾ ਕੋਰਸ ਵੀ ਕਰਵਾਇਆ ਜਾਣਾ ਸੀ ਤਾਂ ਜੋ ਪੰਜਾਬ ਦੇ ਨੌਜਵਾਨ ਹੈਲੀਕਾਪਟਰ ਤੇ ਜਹਾਜ ਆਦਿ ਚਲਾਉਣਾ ਸਿੱਖ ਕੇ ਏਅਰ ਸਪੇਸ ਦੇ ਖੇਤਰ ’ਚ ਵੀ ਅੱਗੇ ਵਧ ਸਕਣ। ਚੰਨੀ ਨੇ ਦੱਸਿਆ ਕਿ ਕੈਨੇਡਾ ਤੇ ਯੂਕੇ ਦੀਆਂ ਯੂਨੀਵਰਸਿਟੀਆਂ ਨਾਲ ਇਸ ਸਕਿੱਲ ਯੂਨੀਵਰਸਿਟੀ ਵੱਲੋਂ ਆਪਸੀ ਸਮਝੌਤੇ ਸਹੀਬੱਧ ਕੀਤੇ ਗਏ ਸਨ ਤਾਂ ਜੋ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਘਰਾਂ ਨੇੜੇ ਹੀ ਵਿਦੇਸ਼ੀ ਯੂਨੀਵਰਸਿਟੀਆਂ ਦੀ ਪੜ੍ਹਾਈ ਦੇ ਮੌਕੇ ਹਾਸਲ ਹੋ ਸਕਣ। ਉਨਾਂ ਦੱਸਿਆ ਕਿ ਕਾਂਗਰਸ ਸਰਕਾਰ ਸਮੇਂ ਇਸ ਯੂਨੀਵਰਸਿਟੀ ਦੇ ਪ੍ਰਬੰਧਕੀ ਬਲਾਕ ਤੋਂ ਬਿਨਾਂ ਵਿਦਿਆਰਥੀਆਂ ਦੀ ਪੜ੍ਹਾਈ ਲਈ ਤਿੰਨ ਵੱਡੇ-ਵੱਡੇ ਵਿੱਦਿਅਕ ਬਲਾਕ ਤਿਆਰ ਕੀਤੇ ਗਏ ਸਨ,

ਪਰ ਮਾਰਚ-2022 ’ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਉਪਰੰਤ ਇਸ ਯੂਨੀਵਰਸਿਟੀ ਦੇ ਨਿਰਮਾਣ ਕਾਰਜਾਂ ਨੂੰ ਬਿਲਕੁਲ ਬੰਦ ਕਰ ਦਿੱਤਾ ਗਿਆ, ਜਿਸ ਕਾਰਨ ਜਿੱਥੇ ਇਸ ਯੂਨੀਵਰਸਿਟੀ ਦੀ ਬਿਲਡਿੰਗ ਖੰਡਰ ’ਚ ਤਬਦੀਲ ਹੋ ਰਹੀ ਹੈ, ਉੱਥੇ ਹੀ ਇਸ ਵਿਚ ਵੱਡੇ-ਵੱਡੇ ਘਾਹ ਫੂਸ ਤੇ ਦਰੱਖਤ ਆਦਿ ਪੈਦਾ ਹੋਣ ਕਾਰਨ ਇਹ ਬਿਲਡਿੰਗ ਸੱਪਾਂ ਤੇ ਨਸ਼ੇੜੀਆਂ ਦਾ ਰਹਿਣ ਬਸੇਰਾ ਬਣ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਇਸ ਯੂਨੀਵਰਸਿਟੀ ਦੇ ਬਣਨ ਨਾਲ ਜਿੱਥੇ ਵਿਦਿਆਰਥੀਆਂ ਨੇ ਤਕਨੀਕੀ ਹੁਨਰ ਹਾਸਲ ਕਰ ਕੇ ਪੰਜਾਬ ਦੀਆਂ ਫੈਕਟਰੀਆਂ ਵਿਚੋਂ ਸਿੱਖਿਅਤ ਕਾਰੀਗਰਾਂ ਦੀ ਘਾਟ ਨੂੰ ਪੂਰਾ ਕਰਨਾ ਸੀ, ਉੱਥੇ ਹੀ ਇਸ ਯੂਨੀਵਰਸਿਟੀ ਨਾਲ ਲੋਕਾਂ ਦੇ ਸਿੱਧੇ-ਅਸਿੱਧੇ ਕਾਰੋਬਾਰ ’ਚ ਵਾਧਾ ਹੋਣ ਕਰ ਕੇ ਇਲਾਕੇ ’ਚ ਆਰਥਿਕ ਤਰੱਕੀ ਨੂੰ ਹੁਲਾਰਾ ਮਿਲਣਾ ਸੀ। ਉਨ੍ਹਾਂ ਪੰਜਾਬ ਸਰਕਾਰ ਨੂੰ ਕਿਹਾ ਕਿ ਜੇਕਰ ਉਨ੍ਹਾਂ ਵਿਰੁੱਧ ਕੋਈ ਕਾਰਵਾਈ ਕਰਨੀ ਹੈ ਤਾਂ ਉਹ ਉਸ ਨੂੰ ਜੀ ਆਇਆ ਆਖਦੇ ਹਨ, ਪਰ ਪੰਜਾਬ ਦੇ ਬੱਚਿਆਂ ਦੇ ਭਵਿੱਖ ਲਈ ਬਣਨ ਵਾਲੀ ਇਸ ਸਕਿੱਲ ਯੂਨੀਵਰਸਿਟੀ ਦਾ ਕੰਮ ਤੁਰੰਤ ਸ਼ੁਰੂ ਕਰਵਾਇਆ ਜਾਵੇ। ਉਨ੍ਹਾਂ ਦਾਅਵਾ ਕੀਤਾ ਕਿ ਇਸ ਯੂਨੀਵਰਸਿਟੀ ਤੋਂ ਸਿੱਖਿਆ ਹਾਸਲ ਕਰਨ ਵਾਲੇ ਨੌਜਵਾਨਾਂ ਨੂੰ ਲੱਖਾਂ ਰੁਪਏ ਮਹੀਨੇ ਦੀਆਂ ਨੌਕਰੀਆਂ ਮਿਲਣਗੀਆਂ, ਜਿਸ ਨਾਲ ਪੰਜਾਬ ਮੁੜ ਤਰੱਕੀ ਦੇ ਰਾਹ ’ਤੇ ਚੱਲੇਗਾ।

By Gurpreet Singh

Leave a Reply

Your email address will not be published. Required fields are marked *