ਕਿਸਾਨਾਂ ਦੇ ਸਵਾਲਾਂ ਤੋਂ ਭੱਜੇ ਅਮਨ ਅਰੋੜਾ, ਲੈਂਡ ਪੂਲਿੰਗ ਨੀਤੀ, ਸ਼ੰਭੂ ਖਨੌਰੀ ਮੋਰਚੇ ਜਬਰੀ ਉਠਾਉਣ ਸਬੰਧੀ ਮਸਲਿਆਂ ਤੇ ਸਵਾਲ ਕਰਨ ਪਹੁੰਚੇ ਸਨ ਕਿਸਾਨ ਮਜ਼ਦੂਰ

ਨੈਸ਼ਨਲ ਟਾਈਮਜ਼ ਬਿਊਰੋ :- ਕਿਸਾਨ ਮਜ਼ਦੂਰ ਮੋਰਚਾ ਵੱਲੋਂ ਸ਼ੰਭੂ ਖਨੌਰੀ ਮੋਰਚੇ ਉਠਾਏ ਜਾਣ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਲੀਡਰਾਂ ਨੂੰ ਪਿੰਡਾਂ ਵਿੱਚ ਆਉਣ ਤੇ ਸਵਾਲ ਪੁੱਛੇ ਜਾਣ ਦੇ ਲਗਾਤਾਰ ਜਾਰੀ ਪ੍ਰੋਗਰਾਮਾਂ ਤਹਿਤ ਅੱਜ ਅੰਮ੍ਰਿਤਸਰ ਦੇ ਕਸਬਾ ਕੱਥੂਨੰਗਲ ਦੇ ਇੱਕ ਪੈਲੇਸ ਵਿੱਚ ਪਾਰਟੀ ਦੇ ਪ੍ਰੋਗਰਾਮ ਵਿੱਚ ਪਹੁੰਚਣ ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਕਾਰਕੁਨਾਂ ਵੱਲੋਂ ਸੂਬਾ ਆਗੂ ਸਰਵਣ ਸਿੰਘ ਪੰਧੇਰ ਅਤੇ ਜਿਲ੍ਹਾ ਅੰਮ੍ਰਿਤਸਰ ਪ੍ਰਧਾਨ ਰਣਜੀਤ ਸਿੰਘ ਕਲੇਰ ਬਾਲਾ ਦੀ ਅਗਵਾਈ ਵਿੱਚ ਪੈਲੇਸ ਕੋਲ ਪਹੁੰਚ ਕੇ ਸ਼ੰਭੂ ਖਨੌਰੀ ਮੋਰਚੇ ਸਬੰਧੀ, ਕਿਸਾਨਾਂ ਮਜਦੂਰਾਂ ਦੇ ਕਰਜ਼ੇ, ਮਨਰੇਗਾ ਤਹਿਤ ਮਜਦੂਰਾਂ ਦੇ ਰੁਜ਼ਗਾਰ ਅਤੇ ਖਾਸ ਕਰਕੇ ਲੈਂਡ ਪੂਲਿੰਗ ਨੀਤੀ ਸਬੰਧੀ ਸਵਾਲ ਕਰਨ ਪਹੁੰਚੇ।

ਇਸ ਮੌਕੇ ਆਗੂਆਂ ਜਾਣਕਾਰੀ ਦਿੱਤੀ ਕਿ ਕਿਸਾਨ ਸ਼ਾਂਤਮਈ ਤਰੀਕੇ ਨਾਲ ਸੜਕ ਦੇ ਕਿਨਾਰੇ ਬੈਠੇ ਸਨ ਪਰ ਆਪ ਪ੍ਰਧਾਨ ਰਸਤਾ ਬਦਲ ਕੇ ਆਵਾਜਾਈ ਦੇ ਨਿਯਮਾਂ ਨੂੰ ਤੋੜਦੇ ਹੋਏ ਰੌਂਗ ਸਾਈਡ ਤੋਂ ਆ ਕੇ ਪੈਲੇਸ ਵਿੱਚ ਵੜੇ ਜਿਸ ਤੋਂ ਬਾਅਦ ਪ੍ਰਸ਼ਾਸ਼ਨ ਨਾਲ ਕਸ਼ਮਕਸ਼ ਤੋਂ ਬਾਅਦ ਪ੍ਰਦਰਸ਼ਨਕਾਰੀ ਪੈਲੇਸ ਦੇ ਗੇਟ ਅੱਗੇ ਪਹੁੰਚੇ, ਹਾਲਾਂਕਿ ਜਥੇਬੰਦਕ ਜਾਬਤੇ ਅਤੇ ਐਲਾਨ ਦੀ ਪਾਲਣਾ ਕਰਦੇ ਹੋਏ ਕਿਸਾਨਾਂ ਨੇ ਪ੍ਰੋਗਰਾਮ ਵਿੱਚ ਕਿਸੇ ਤਰ੍ਹਾਂ ਦਾ ਖਲਲ ਨਾਂ ਪਾਉਣ ਦੀ ਪਾਲਣਾ ਕਰਦੇ ਰਹੇ ਪਰ ਪ੍ਰੋਗਰਾਮ ਖਤਮ ਹੋਣ ਤੇ ਅਮਨ ਅਰੋੜਾ ਸ਼ਾਂਤਮਈ ਤਰੀਕੇ ਨਾਲ ਸਵਾਲ ਕਰਨ ਲਈ ਉਡੀਕ ਰਹੇ ਕਿਸਾਨਾਂ ਮਜਦੂਰਾਂ ਨਾ ਨਜ਼ਰ ਮਿਲਾਏ ਬਿਨਾਂ ਹੀ ਤੇਜ਼ੀ ਨਾਲ ਕਾਫਲੇ ਸਮੇਤ ਰਫ਼ੂਚੱਕਰ ਹੋ ਗਏ। ਆਗੂਆਂ ਕਿਹਾ ਕਿ ਲੈਂਡ ਪੂਲਿੰਗ ਨੀਤੀ ਵਿਚ ਕਿਸੇ ਵੀ ਤਰ੍ਹਾਂ ਦੇ ਲੋਕ ਪੱਖੀ ਵਿਕਾਸ ਦੀ ਗੁੰਜਾਇਸ਼ ਹੁੰਦੀ ਤਾਂ ਅੱਜ ਆਪ ਪ੍ਰਧਾਨ ਕਿਸਾਨਾਂ ਦੇ ਸਵਾਲਾਂ ਦੇ ਜਵਾਬ ਜਰੂਰ ਦੇ ਕੇ ਜਾਂਦੇ। ਉਹਨਾਂ ਕਿਹਾ ਕਿ ਅਮਨ ਅਰੋੜਾ ਅਤੇ ਸਾਰੇ ਆਮ ਆਦਮੀ ਪਾਰਟੀ ਦੇ ਲੀਡਰਾਂ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਲੋਕ ਇਸ ਮਾਰੂ ਨੀਤੀ ਬਾਰੇ ਸਭ ਕੁਝ ਸਮਝ ਚੁੱਕੇ ਹਨ ਸੋ ਇਹ ਨੀਤੀ ਵਾਪਿਸ ਲੈਣ ਦੇ ਇਲਾਵਾਂ ਹੋਰ ਕੋਈ ਰਾਹ ਨਹੀਂ ਹੈ। ਉਹਨਾਂ ਕਿਹਾ ਕਿ ਸ਼ੰਭੂ ਅਤੇ ਖਨੌਰੀ ਬਾਰਡਰ ਮੋਰਚੇ ਤੇ ਚੋਰੀ ਕੀਤੇ ਸਮਾਨ, ਕਿਸਾਨਾਂ ਮਜਦੂਰਾਂ ਦੇ ਕਰਜ਼ੇ ਅਤੇ ਹੋਰ ਮਸਲਿਆਂ ਸਬੰਧੀ ਸਵਾਲਾਂ ਤੋਂ ਭੱਜਣ ਨਾਲ ਬਚਾਅ ਨਹੀਂ ਹੋਣ ਵਾਲਾ ਬਲਕਿ ਸਰਕਾਰ ਦੇ ਲੀਡਰਾ ਦਾ ਪਿੱਛਾ ਇਹ ਸਵਾਲ ਕਰਦੇ ਰਹਿਣਗੇ। ਉਹਨਾਂ ਕਿਹਾ ਕਿ ਅਗਰ ਸਰਕਾਰ ਇਹ ਮਸਲੇ ਹੱਲ ਨਹੀਂ ਕਰਦੀ ਅਤੇ ਨੀਤੀ ਵਾਪਿਸ ਨਹੀਂ ਲੈਂਦੀ ਤਾਂ ਆਉਂਦੇ ਦਿਨਾਂ ਹੋਰ ਵੀ ਵੱਡੇ ਪੱਧਰ ਤੇ ਪ੍ਰਦਰਸ਼ਨ ਕਰਨ ਦੀ ਤਿਆਰੀ ਜ਼ੋਰਾਂ ਤੇ ਚੱਲ ਰਹੀ ਹੈ। ਇਸ ਮੌਕੇ ਕੰਧਾਰ ਸਿੰਘ ਭੋਏਵਾਲ, ਬਲਦੇਵ ਸਿੰਘ ਬੱਗਾ, ਬਲਵਿੰਦਰ ਸਿੰਘ ਕਲੇਰ ਬਾਲਾ, ਸਰਦੂਲ ਸਿੰਘ ਟਾਹਲੀ ਸਾਹਿਬ, ਲਵਪ੍ਰੀਤ ਸਿੰਘ ਬੱਗਾ, ਕਾਬਲ ਸਿੰਘ ਵਰਿਆਮ ਨੰਗਲ, ਜੰਗ ਸਿੰਘ ਅਲਕੜੇ, ਜਗਤਾਰ ਸਿੰਘ, ਗੁਰਬਾਜ਼ ਸਿੰਘ, ਲਖਬੀਰ ਸਿੰਘ ਕਥੂ ਨੰਗਲ, ਲਵਿੰਦਰ ਸਿੰਘ ਰੂਪੋਵਾਲੀ, ਸਵਰਨ ਸਿੰਘ ਕੋਟਲਾ, ਮੁਖਤਾਰ ਸਿੰਘ ਭੰਗਵਾਂ, ਕਿਰਪਾਲ ਸਿੰਘ ਕਲੇਰ ਮਾਂਗਟ ਸਮੇਤ ਵੱਡੀ ਗਿਣਤੀ ਵਿਚ ਕਿਸਾਨ ਮਜ਼ਦੂਰ ਹਾਜ਼ਿਰ ਰਹੇ।

By Gurpreet Singh

Leave a Reply

Your email address will not be published. Required fields are marked *