ਨੈਸ਼ਨਲ ਟਾਈਮਜ਼ ਬਿਊਰੋ :- ਦਿੱਲੀ ਦੇ ਨਿਜ਼ਾਮੂਦੀਨ ਇਲਾਕੇ ਵਿੱਚ ਉਸ ਸਮੇਂ ਸਨਸਨੀ ਫੈਲ ਗਈ, ਜਦੋਂ ਤੇਜ਼ਧਾਰ ਹਥਿਆਰ ਨਾਲ ਇਕ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ। ਮਿਲੀ ਜਾਣਕਾਰੀ ਅਨੁਸਾਰ ਨਿਜ਼ਾਮੂਦੀਨ ਇਲਾਕੇ ਵਿੱਚ ਬਾਲੀਵੁੱਡ ਅਦਾਕਾਰਾ ਹੁਮਾ ਕੁਰੈਸ਼ੀ ਦੇ ਚਚੇਰੇ ਭਰਾ ਆਸਿਫ਼ ਦਾ ਕਤਲ ਕਰ ਦਿੱਤਾ ਗਿਆ ਹੈ। ਇਹ ਘਟਨਾ ਪਾਰਕਿੰਗ ਵਿਵਾਦ ਨੂੰ ਲੈ ਕੇ ਵਾਪਰੀ ਦੱਸੀ ਜਾ ਰਹੀ ਹੈ, ਜਿਸ ਦੌਰਾਨ ਝਗੜਾ ਵਧਣ ਤੋਂ ਬਾਅਦ ਹਮਲਾਵਰਾਂ ਨੇ ਆਸਿਫ਼ ‘ਤੇ ਤੇਜ਼ਧਾਰ ਚੀਜ਼ ਨਾਲ ਹਮਲਾ ਕਰ ਦਿੱਤਾ। ਘਟਨਾ ਦੀ ਸੂਚਨਾ ਮਿਲਣ ‘ਤੇ ਪਹੁੰਚੀ ਪੁਲਸ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਦੱਸ ਦੇਈਏ ਕਿ ਪੁਲਸ ਨੇ ਇਸ ਕਤਲ ਦੇ ਸਬੰਧ ਵਿੱਚ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਹ ਘਟਨਾ ਵੀਰਵਾਰ ਰਾਤ 11 ਵਜੇ ਦੇ ਕਰੀਬ ਵਾਪਰੀ, ਜਦੋਂ ਆਸਿਫ਼ ਕੁਰੈਸ਼ੀ ਆਪਣਾ ਦਿਨ ਦਾ ਕੰਮ ਖ਼ਤਮ ਕਰਕੇ ਘਰ ਪਰਤਿਆ। ਘਰ ਪਹੁੰਚਣ ‘ਤੇ ਉਸਨੇ ਦੇਖਿਆ ਕਿ ਕਿਸੇ ਨੇ ਉਸਦੇ ਘਰ ਦੇ ਮੁੱਖ ਗੇਟ ਦੇ ਸਾਹਮਣੇ ਇੱਕ ਸਕੂਟੀ ਖੜ੍ਹੀ ਕੀਤੀ ਸੀ। ਉਸਨੇ ਉਨ੍ਹਾਂ ਨੂੰ ਸਕੂਟੀ ਹਟਾਉਣ ਲਈ ਕਿਹਾ ਪਰ ਇਸ ਗੱਲ਼ ਨੂੰ ਲੈ ਕੇ ਬਹਿਸਬਾਜ਼ੀ ਹੋਣੀ ਸ਼ੁਰੂ ਹੋ ਗਈ। ਗਾਲੀ-ਗਲੋਚ ਹੋਣ ਤੋਂ ਬਾਅਦ ਮਾਮਲਾ ਇੰਨਾ ਵਿਗੜ ਗਿਆ ਕਿ ਕੁਝ ਲੋਕਾਂ ਨੇ ਮਿਲ ਕੇ ਆਸਿਫ਼ ‘ਤੇ ਇੱਕ ਤਿੱਖੀ ਨੋਕ ਵਾਲੀ ਚੀਜ਼ ਨਾਲ ਹਮਲਾ ਕਰ ਦਿੱਤਾ।
ਹਮਲੇ ਵਿੱਚ ਬੁਰੀ ਤਰ੍ਹਾਂ ਜ਼ਖ਼ਮੀ ਹੋਏ ਆਸਿਫ਼ ਨੂੰ ਉਸਦੇ ਪਰਿਵਾਰ ਨੇ ਤੁਰੰਤ ਨੇੜਲੇ ਹਸਪਤਾਲ ਪਹੁੰਚਾਇਆ ਪਰ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ। ਇਸ ਦੌਰਾਨ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਦੀ ਪਤਨੀ ਸ਼ਾਇਨਾਜ਼ ਕੁਰੈਸ਼ੀ ਨੇ ਪੁਲਸ ਨੂੰ ਦਿੱਤੇ ਆਪਣੇ ਬਿਆਨ ਵਿੱਚ ਕਿਹਾ ਕਿ ਇਹ ਪਹਿਲੀ ਵਾਰ ਨਹੀਂ ਹੋਇਆ, ਜਦੋਂ ਅਜਿਹੀ ਘਟਨਾ ਵਾਪਰੀ ਹੋਵੇ। ਉਸ ਦੇ ਅਨੁਸਾਰ ਪਹਿਲਾਂ ਵੀ ਆਸਿਫ਼ ਅਤੇ ਗੁਆਂਢੀਆਂ ਵਿਚਕਾਰ ਪਾਰਕਿੰਗ ਨੂੰ ਲੈ ਕੇ ਝਗੜਾ ਹੋਇਆ ਸੀ। ਹਮਲਾਵਰਾਂ ਨੇ ਜਾਣਬੁੱਝ ਕੇ ਲੜਾਈ ਨੂੰ ਵਧਾ ਦਿੱਤਾ ਅਤੇ ਜਦੋਂ ਆਸਿਫ਼ ਨੇ ਉਨ੍ਹਾਂ ਨੂੰ ਸਕੂਟਰ ਗੇਟ ਤੋਂ ਹਟਾਉਣ ਲਈ ਕਿਹਾ ਤਾਂ ਬਦਲੇ ਵਿੱਚ ਉਸ ਨਾਲ ਵੀ ਬਦਸਲੂਕੀ ਕੀਤੀ ਗਈ ਅਤੇ ਫਿਰ ਉਸ ‘ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕੀਤਾ ਗਿਆ।