ਦੋ ਕਾਰਾਂ ਦੀ ਟੱਕਰ ਨੇ ਉਜਾੜਿਆ ਪਰਿਵਾਰ, ਪਿਓ ਦੀ ਮੌਤ ਤੇ ਮਾਂ-ਧੀ ਜ਼ਖ਼ਮੀ

ਨੈਸ਼ਨਲ ਟਾਈਮਜ਼ ਬਿਊਰੋ :- ਦੋ ਕਾਰਾਂ ਦੀ ਹੋਈ ਟੱਕਰ ਦੌਰਾਨ ਇਕ ਵਿਅਕਤੀ ਦੀ ਇਲਾਜ ਦੌਰਾਨ ਮੌਤ ਹੋਣ ਦਾ ਦੁੱਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ ਜਦਕਿ ਉਸਦੀ ਪਤਨੀ ਅਤੇ ਬੇਟੀ ਜ਼ਖ਼ਮੀ ਹੋ ਗਏ। ਇਸ ਸਬੰਧੀ ਥਾਣਾ ਸਦਰ ਪੱਟੀ ਦੀ ਪੁਲਸ ਨੇ ਕਾਰ ਚਾਲਕ ਦੇ ਖਿਲਾਫ ਪਰਚਾ ਦਰਜ ਕਰਦੇ ਹੋਏ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਥਾਣਾ ਸਦਰ ਪੱਟੀ ਦੀ ਪੁਲਸ ਨੂੰ ਸ਼ਾਰਦਾ ਰਾਣੀ ਪਤਨੀ ਵੀਰਬਲ ਵਾਸੀ ਡੰਡਰ ਖੇੜਾ ਜ਼ਿਲ੍ਹਾ ਫਾਜ਼ਿਲਕਾ ਨੇ ਬਿਆਨ ਦਰਜ ਕਰਵਾਉਂਦੇ ਹੋਏ ਦੱਸਿਆ ਕਿ ਬੀਤੀ 20 ਜੁਲਾਈ ਨੂੰ ਉਹ ਆਪਣੇ ਪਤੀ ਅਤੇ ਬੇਟੀ ਸਮੇਤ ਆਪਣੀ ਆਲਟੋ ਕਾਰ ਵਿਚ ਸਵਾਰ ਹੋ ਆਪਣੇ ਪਿੰਡ ਡੰਡਰ ਖੇੜੇ ਤੋਂ ਭਿੱਖੀਵਿੰਡ ਨੂੰ ਆ ਰਹੇ ਸਨ ਜਦ ਪਿੰਡ ਦੁਬਲੀ ਭੱਠੇ ਤੋਂ ਅੱਗੇ ਪੁੱਜੇ ਤਾਂ ਇਕ ਸਵਿਫਟ ਕਾਰ, ਜਿਸ ਨੂੰ ਬਲਦੇਵ ਸਿੰਘ ਨਾਮਕ ਵਿਅਕਤੀ ਚਲਾ ਰਿਹਾ ਸੀ ਨੇ ਤੇਜ਼ ਰਫਤਾਰ ਸਾਡੀ ਗੱਡੀ ਵਿਚ ਲਿਆ ਕੇ ਰੌਂਗ ਸਾਈਡ ਮਾਰ ਦਿੱਤੀ। ਇਸ ਟੱਕਰ ਦੌਰਾਨ ਉਹ ਅਤੇ ਉਸਦੀ ਬੇਟੀ ਅਤੇ ਪਤੀ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਅੰਮ੍ਰਿਤਸਰ ਦੇ ਗੁਰੂ ਰਾਮਦਾਸ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਇਸ ਇਲਾਜ ਦੌਰਾਨ ਬੀਤੀ 5 ਅਗਸਤ ਨੂੰ ਉਸਦੇ ਪਤੀ ਵੀਰਬਲ ਦੀ ਮੌਤ ਹੋ ਗਈ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਸਦਰ ਪੱਟੀ ਦੇ ਮੁਖੀ ਸਬ ਇੰਸਪੈਕਟਰ ਵਿਪਨ ਕੁਮਾਰ ਨੇ ਦੱਸਿਆ ਕਿ ਇਸ ਮਾਮਲੇ ਵਿਚ ਵੀਰਬਲ ਦਾ ਪੋਸਟਮਾਰਟਮ ਕਰਵਾਉਣ ਉਪਰੰਤ ਲਾਸ਼ ਵਾਰਿਸਾਂ ਹਵਾਲੇ ਕਰ ਦਿੱਤੀ ਗਈ ਹੈ ਜਦਕਿ ਇਸ ਮਾਮਲੇ ਵਿਚ ਬਲਦੇਵ ਸਿੰਘ ਪੁੱਤਰ ਗੁਰਬਚਨ ਸਿੰਘ ਵਾਸੀ ਰਸੂਲਪੁਰ ਦੇ ਖਿਲਾਫ ਪਰਚਾ ਦਰਜ ਕਰਦੇ ਹੋਏ ਗ੍ਰਿਫਤਾਰੀ ਦੀ ਕਾਰਵਾਈ ਏ.ਐੱਸ.ਆਈ ਤਰਸੇਮ ਸਿੰਘ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ।

By Gurpreet Singh

Leave a Reply

Your email address will not be published. Required fields are marked *