ਨੈਸ਼ਨਲ ਟਾਈਮਜ਼ ਬਿਊਰੋ :- ਪੰਜਾਬ ਦੀਆਂ ਸਾਰੀਆਂ ਪ੍ਰਮੁੱਖ ਪਾਰਟੀਆਂ ਸਾਲਾਨਾ ਰੱਖੜ ਪੂਨੀਆ ਮੇਲੇ ਦੇ ਮੌਕੇ ‘ਤੇ ਹੋਣ ਵਾਲੀਆਂ ਰਾਜਨੀਤਿਕ ਰੈਲੀਆਂ ਲਈ ਤਿਆਰੀ ਕਰ ਲਈ ਹੈ। ਇਹ ਸਾਲਾਨਾ ਮੇਲਾ ਅੰਮ੍ਰਿਤਸਰ ਦੇ ਬਾਬਾ ਬਕਾਲਾ ਵਿਖੇ ਹੁੰਦਾ ਹੈ। ਅੱਜ ਮੱਖ ਮੰਤਰੀ ਭਗਵੰਤ ਸਿੰਘ ਮਾਨ ਆਪਣਾ ਸ਼ਕਤੀ ਪ੍ਰਦਰਸ਼ਨ ਦਿਖਾਉਣਗੇ। ਉਥੇ ਹੀ ਵਿਰੋਧੀ ਪਾਰਟੀਆਂ ਵੀ ਸੂਬਾ ਸਰਕਾਰ ਨੂੰ ਵੱਖ- ਵੱਖ ਮੁੱਦਿਆਂ ‘ਤੇ ਘੇਰਨ ਦੀ ਕੋਸ਼ਿਸ਼ ਕਰੇਗੀ।
ਮੁੱਖ ਮੰਤਰੀ ਭਗਵੰਤ ਮਾਨ ਆਪਣੇ ਮੰਤਰੀ ਮੰਡਲ ਸਮੇਤ ਆਮ ਆਦਮੀ ਪਾਰਟੀ ਵੱਲੋਂ ਆਯੋਜਿਤ ਰੈਲੀ ਵਿੱਚ ਪਹੁੰਚਣਗੇ। ਉਨ੍ਹਾਂ ਦਾ ਉਦੇਸ਼ ਵਿਰੋਧੀ ਪਾਰਟੀਆਂ ਨੂੰ ਘੇਰਨਾ ਅਤੇ ਸਰਕਾਰ ਵੱਲੋਂ ਕੀਤੇ ਗਏ ਕੰਮਾਂ ਨੂੰ ਪ੍ਰਦਰਸ਼ਿਤ ਕਰਨਾ ਹੋਵੇਗਾ।
ਤਰਨਤਾਰਨ ਜ਼ਿਮਨੀ ਚੋਣ ਤੋਂ ਪਹਿਲਾਂ ਸ਼ਕਤੀ ਪ੍ਰਦਰਸ਼ਨ
ਰਾਜਨੀਤਿਕ ਮਾਹਰ ਇਨ੍ਹਾਂ ਸਮਾਗਮਾਂ ਨੂੰ ‘ਸ਼ਕਤੀ ਪ੍ਰਦਰਸ਼ਨ’ ਕਹਿ ਰਹੇ ਹਨ। ਇਹ ਰੈਲੀਆਂ ਤਰਨਤਾਰਨ ਜ਼ਿਮਨੀ ਚੋਣ ਤੋਂ ਪਹਿਲਾਂ ਕੀਤੀਆਂ ਜਾ ਰਹੀਆਂ ਹਨ, ਜੋ ਕਿ ਬਾਬਾ ਬਕਾਲਾ ਤੋਂ ਲਗਭਗ 40 ਕਿਲੋਮੀਟਰ ਦੂਰ ਹੈ। ਚੋਣ ਕਮਿਸ਼ਨ ਨੇ ਅਜੇ ਤੱਕ ਉਪ ਚੋਣ ਦੀ ਮਿਤੀ ਦਾ ਐਲਾਨ ਨਹੀਂ ਕੀਤਾ ਹੈ।
AAP ਵੱਲੋਂ ਪਹੁੰਚਣੇਗ ਮੁੱਖ ਮੰਤਰੀ ਮਾਨ
ਆਮ ਆਦਮੀ ਪਾਰਟੀ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਪਣੇ ਕਈ ਕੈਬਨਿਟ ਸਾਥੀਆਂ ਨਾਲ ਸੂਬਾ ਪੱਧਰੀ ਰੈਲੀ ਨੂੰ ਸੰਬੋਧਨ ਕਰਨਗੇ। ਸਥਾਨਕ ਆਗੂ ਰੈਲੀ ਵਿੱਚ ਵੱਧ ਤੋਂ ਵੱਧ ਸਮਰਥਕਾਂ ਨੂੰ ਲਿਆਉਣ ਦੀ ਕੋਸ਼ਿਸ਼ ਕਰਨਗੇ। ਜਿਸ ਤਰ੍ਹਾਂ ਵਿਰੋਧੀ ਪਾਰਟੀਆਂ ਅਤੇ ਕਿਸਾਨ ਲਗਾਤਾਰ ਸਰਕਾਰ ਨੂੰ ਘੇਰ ਰਹੇ ਹਨ, ਉਸੇ ਤਰ੍ਹਾਂ ‘ਆਪ’ ਤਾਕਤ ਦਿਖਾ ਕੇ ਵਿਰੋਧੀਆਂ ਨੂੰ ਜਵਾਬ ਦੇਣ ਦੀ ਕੋਸ਼ਿਸ਼ ਕਰੇਗੀ।
ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਕਰਨਗੇ ਸੰਬੋਧਨ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੀ ਇਸ ਰੈਲੀ ਨੂੰ ਸੰਬੋਧਨ ਕਰਨਗੇ। ਇਸ ਨੂੰ ਉਨ੍ਹਾਂ ਦਾ ਸਭ ਤੋਂ ਵੱਡਾ ਰਾਜਨੀਤਿਕ ਇਕੱਠ ਮੰਨਿਆ ਜਾ ਰਿਹਾ ਹੈ, ਜਿਸ ਵਿੱਚ ਉਹ ਆਪਣੇ ਡਿੱਗਦੇ ਸਮਰਥਨ ਅਧਾਰ ਨੂੰ ਸੰਭਾਲਣ ਅਤੇ ਧਾਰਮਿਕ ਮਾਮਲਿਆਂ ‘ਤੇ ਪੈਦਾ ਹੋ ਰਹੇ ਵਿਵਾਦਾਂ ‘ਤੇ ਪਾਰਟੀ ਨੂੰ ਇਕਜੁੱਟ ਕਰਨ ਦੀ ਕੋਸ਼ਿਸ਼ ਕਰਨਗੇ। ਪਾਰਟੀ ਨੇ ਹਾਲ ਹੀ ਵਿੱਚ ਨਵੇਂ ਨਿਯੁਕਤ ਪ੍ਰਧਾਨ ਦੀ ਚੋਣ ਲਈ ਅਕਾਲ ਤਖ਼ਤ ਦੀ ਸਿਫ਼ਾਰਸ਼ ‘ਤੇ ਇੱਕ ਪੈਨਲ ਦਾ ਗਠਨ ਕੀਤਾ ਹੈ। ਜਿਸ ਲਈ 11 ਅਗਸਤ ਨੂੰ ਚੋਣ ਹੋਣੀ ਹੈ।
ਕਾਂਗਰਸ ਦੇ ਸੀਨੀਅਰ ਰਹਿਣਗੇ ਮੌਜੂਦ
ਕਾਂਗਰਸ ਦੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਰੈਲੀ ਵਿੱਚ ਕਈ ਵੱਡੇ ਆਗੂ ਮੌਜੂਦ ਰਹਿਣਗੇ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਸੁਖਜਿੰਦਰ ਸਿੰਘ ਰੰਧਾਵਾ ਰੈਲੀ ਨੂੰ ਸੰਬੋਧਨ ਕਰਨਗੇ। ਇਸ ਦੌਰਾਨ ਤਰਨਤਾਰਨ, ਗੁਰਦਾਸਪੁਰ ਅਤੇ ਅੰਮ੍ਰਿਤਸਰ ਤੋਂ ਪਾਰਟੀ ਵਰਕਰ ਬੱਸਾਂ ਰਾਹੀਂ ਇਸ ਰੈਲੀ ਵਿੱਚ ਪਹੁੰਚਣਗੇ। ਕਾਂਗਰਸ ਪਾਰਟੀ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਮਤਭੇਦਾਂ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
ਅੰਮ੍ਰਿਤਪਾਲ ਸਿੰਘ ਦੀ ਪਾਰਟੀ ਵੀ ਕਰੇਗੀ ਸ਼ਕਤੀ ਪ੍ਰਦਰਸ਼ਨ
ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੀ ਪਾਰਟੀ ਅਕਾਲੀ ਦਲ ਵਾਰਿਸ ਪੰਜਾਬ ਵੀ ਆਪਣੀ ਤਾਕਤ ਦਿਖਾਏਗੀ। ਇਹ ਹਲਕਾ ਅੰਮ੍ਰਿਤਪਾਲ ਦੇ ਲੋਕ ਸਭਾ ਹਲਕੇ ਅਧੀਨ ਆਉਂਦਾ ਹੈ। ਇਸ ਦੇ ਨਾਲ ਹੀ ਤਰਨਤਾਰਨ ਲਈ ਆਉਣ ਵਾਲੇ ਮਹੀਨਿਆਂ ਵਿੱਚ ਜ਼ਿਮਨੀ ਚੋਣਾਂ ਦਾ ਵੀ ਐਲਾਨ ਕੀਤਾ ਗਿਆ ਹੈ ਅਤੇ ਪਾਰਟੀ ਨੇ ਐਲਾਨ ਕੀਤਾ ਹੈ ਕਿ ਉਹ ਇਸ ਵਿੱਚ ਆਪਣਾ ਉਮੀਦਵਾਰ ਖੜ੍ਹਾ ਕਰਨਗੇ। ਦੱਸ ਦਈਏ ਕਿ ਸਿਆਸੀ ਜਗਤ ਵਿੱਚ ਚਰਚਾਵਾਂ ਹਨ ਕਿ ਅੰਮ੍ਰਿਤਪਾਲ ਦੀ ਪਾਰਟੀ ਦਾ ਸ਼੍ਰੋਮਣੀ ਅਕਾਲੀ ਦਲ ਵਿੱਚ ਰਲੇਵਾਂ ਹੋ ਸਕਦਾ ਹੈ।