ਚੰਡੀਗੜ (ਨੈਸ਼ਨਲ ਟਾਈਮਜ਼): ਦੋ ਦਸੰਬਰ ਨੂੰ ਜਾਰੀ ਹੁਕਮਨਾਮਾ ਸਾਹਿਬ ਦੀ ਭਾਵਨਾ (ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸੁਰਜੀਤੀ ) ਨੂੰ ਪੂਰਾ ਕਰਨ ਲਈ 11 ਅਗਸਤ ਦਿਨ ਸੋਮਵਾਰ 11 ਵਜੇ ਨੂੰ ਬੁਲਾਏ ਗਏ ਜਨਰਲ ਡੈਲੀਗੇਟ ਇਜਲਾਸ ਤੋਂ ਪਹਿਲਾਂ ਭਰਤੀ ਕਮੇਟੀ ਮੈਬਰਾਂ ਸਰਦਾਰ ਮਨਪ੍ਰੀਤ ਸਿੰਘ ਇਯਾਲੀ, ਜੱਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ, ਜੱਥੇਦਾਰ ਇਕਬਾਲ ਸਿੰਘ ਝੂੰਦਾਂ, ਜੱਥੇਦਾਰ ਸੰਤਾ ਸਿੰਘ ਉਮੈਦਪੁਰੀ ਅਤੇ ਬੀਬੀ ਸਤਵੰਤ ਕੌਰ ਨੇ ਇਸ ਭਰਤੀ ਮੁਹਿੰਮ ਵਿੱਚ ਯੋਗਦਾਨ ਪਾਉਣ ਵਾਲੇ ਸਾਰੇ ਪੰਥ ਦਰਦੀਆਂ ਅਤੇ ਪੰਜਾਬ ਪ੍ਰਸਤ ਲੋਕਾਂ ਦਾ ਧੰਨਵਾਦ ਕੀਤਾ ਹੈ।
ਜਾਰੀ ਬਿਆਨ ਵਿੱਚ ਭਰਤੀ ਕਮੇਟੀ ਮੈਬਰਾਂ ਨੇ ਇਸ ਭਰਤੀ ਮੁਹਿੰਮ ਤਹਿਤ ਇੱਕ-ਇੱਕ ਕਾਪੀ ਭਰਨ ਵਾਲੀ ਸਾਰੇ ਸਰਕਲ ਡੈਲੀਗੇਟਾਂ ਨੂੰ ਅਪੀਲ ਕੀਤੀ ਹੈ ਕਿ, ਬੁਲਾਏ ਗਏ ਜਨਰਲ ਇਜਲਾਸ ਦੇ ਇਤਿਹਾਸਕ ਪਲਾਂ ਦੇ ਗਵਾਹ ਬਣਨ ਲਈ ਜਰੂਰ ਆਪਣੀ ਹਾਜ਼ਰੀ ਯਕੀਨੀ ਬਣਾਉਣ। ਸੰਗਤ ਨੂੰ ਅਪੀਲ ਕਰਦਿਆਂ ਭਰਤੀ ਕਮੇਟੀ ਮੈਬਰਾਂ ਨੇ ਕਿਹਾ, ਚੋਣ ਕਰਨ ਉਪਰੰਤ ਸਮੁੱਚੀ ਲੀਡਰਸਿੱਪ ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਸ਼ੁਕਰਾਨਾ ਕਰਕੇ ਪੰਥ ਅਤੇ ਪੰਜਾਬ ਦੀ ਚੜ੍ਹਦੀ ਕਲ੍ਹਾ ਦੀ ਅਰਦਾਸ ਕੀਤੀ ਜਾਵੇਗੀ।
ਭਰਤੀ ਕਮੇਟੀ ਮੈਬਰਾਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ ਦੇ 105 ਸਾਲ ਬਾਅਦ, ਪਿਛਲੇ ਸਮੇਂ ਵਿੱਚ ਕੀਤੀਆਂ ਗਲਤੀਆਂ ਤੇ ਗੁਨਾਹਾਂ ਕਾਰਨ ਸਿਆਸੀ ਅਗਵਾਈ ਦਾ ਨੈਤਿਕ ਅਧਾਰ ਗੁਆ ਚੁੱਕੀ ਲੀਡਰਸ਼ਿਪ ਦੇ ਫਲਸਰੂਪ ਨਵੀਂ ਲੀਡਰਸ਼ਿਪ ਦੀ ਭਾਲ ਅਤੇ ਲੋੜ ਨੂੰ ਹੁਕਮਨਾਮਾ ਸਾਹਿਬ ਦੀ ਭਾਵਨਾ ਹੇਠ ਪੂਰਿਆ ਕੀਤਾ ਜਾ ਰਿਹਾ ਹੈ।