ਨਵੀਂ ਦਿੱਲੀ (ਨੈਸ਼ਨਲ ਟਾਈਮਜ਼): ਪਾਕਿਸਤਾਨੀ ਫੌਜ ਮੁਖੀ ਜਨਰਲ ਅਸੀਮ ਮੁਨੀਰ ਵੱਲੋਂ ਸਿੰਧੂ ਨਦੀ ਅਤੇ ਮਿਜ਼ਾਈਲ ਤਾਕਤ ਨੂੰ ਲੈ ਕੇ ਦਿੱਤੇ ਗਏ ਬਿਆਨ ਤੋਂ ਬਾਅਦ ਭਾਰਤ ਨੇ ਤਿੱਖਾ ਪ੍ਰਤੀਕਰਮ ਜਤਾਇਆ ਹੈ। ਮੁਨੀਰ ਨੇ ਕਿਹਾ ਸੀ ਕਿ ਸਿੰਧੂ ਨਦੀ ਸਿਰਫ਼ ਭਾਰਤ ਦੀ “ਪਰਿਵਾਰਕ ਜਾਇਦਾਦ” ਨਹੀਂ ਹੈ ਅਤੇ ਪਾਕਿਸਤਾਨ ਕੋਲ ਵੀ ਮਿਜ਼ਾਈਲਾਂ ਦੀ ਕੋਈ ਘਾਟ ਨਹੀਂ।
ਭਾਰਤੀ ਵਿਦੇਸ਼ ਮੰਤਰਾਲੇ ਨੇ ਇਸ ਬਿਆਨ ਨੂੰ “ਗੈਰ-ਜ਼ਿੰਮੇਵਾਰਾਨਾ” ਕਰਾਰ ਦਿੰਦਿਆਂ ਕਿਹਾ ਕਿ ਪਰਮਾਣੂ ਹਥਿਆਰਾਂ ਦੀ ਧਮਕੀ ਦੇਣਾ ਪਾਕਿਸਤਾਨ ਦੀ ਪੁਰਾਣੀ ਰਣਨੀਤੀ ਹੈ, ਪਰ ਇਹ ਦਬਾਅ ਤਕਨੀਕ ਭਾਰਤ ‘ਤੇ ਅਸਰ ਨਹੀਂ ਕਰੇਗੀ। ਮੰਤਰਾਲੇ ਨੇ ਸਾਫ਼ ਕੀਤਾ ਕਿ ਦੇਸ਼ ਆਪਣੀ ਰਾਸ਼ਟਰੀ ਸੁਰੱਖਿਆ ਲਈ ਜ਼ਰੂਰੀ ਕਦਮ ਚੁੱਕਣ ਵਿੱਚ ਹਿੰਚਕਿਚਾਏਗਾ ਨਹੀਂ।
ਭਾਰਤ ਨੇ ਇਹ ਵੀ ਨਿਸ਼ਾਨਾ ਸਾਧਿਆ ਕਿ ਇੱਕ “ਦੋਸਤ ਦੇਸ਼” ਦੀ ਧਰਤੀ ਤੋਂ ਅਜਿਹੇ ਬਿਆਨ ਆਉਣਾ ਦੁੱਖਦਾਈ ਹੈ ਅਤੇ ਅਮਰੀਕਾ ਵਰਗੇ ਦੇਸ਼ਾਂ ਨੂੰ ਇਸਦਾ ਗੰਭੀਰ ਨੋਟਿਸ ਲੈਣਾ ਚਾਹੀਦਾ ਹੈ। ਕੂਟਨੀਤਿਕ ਮਾਹਰਾਂ ਦੇ ਅਨੁਸਾਰ, ਭਾਰਤ ਨੇ ਇਸ ਮਾਮਲੇ ਵਿੱਚ ਗੇਂਦ ਅਮਰੀਕਾ ਦੇ ਪਾਲੇ ਵਿੱਚ ਸੁੱਟ ਦਿੱਤੀ ਹੈ, ਜਿਸ ਨਾਲ ਅੰਤਰਰਾਸ਼ਟਰੀ ਪੱਧਰ ‘ਤੇ ਦਬਾਅ ਬਣ ਸਕਦਾ ਹੈ।
ਸਾਬਕਾ ਭਾਰਤੀ ਰਾਜਦੂਤ ਰਾਜੀਵ ਡੋਗਰਾ ਨੇ ਵੀ ਮੁਨੀਰ ਦੇ “ਪਰਿਵਾਰਕ ਜਾਇਦਾਦ” ਵਾਲੇ ਸ਼ਬਦ ‘ਤੇ ਟਿੱਪਣੀ ਕਰਦਿਆਂ ਕਿਹਾ ਕਿ ਦੁਨੀਆ ਭਰ ਦੇ ਵੱਡੇ ਦੇਸ਼ ਆਪਣੀਆਂ ਦਰਿਆਵਾਂ ਨੂੰ ਆਪਣੀ ਸੰਪਤੀ ਵਾਂਗ ਮੰਨਦੇ ਹਨ, ਜਿਵੇਂ ਚੀਨ ਤੇ ਅਮਰੀਕਾ ਕਰਦੇ ਹਨ। ਇਸ ਲਈ, ਸਿੰਧੂ ਨਦੀ ‘ਤੇ ਭਾਰਤ ਦਾ ਹੱਕ ਇਤਿਹਾਸਕ ਅਤੇ ਕਾਨੂੰਨੀ ਤੌਰ ‘ਤੇ ਮਜ਼ਬੂਤ ਹੈ।
