ਗੁਰੁਗਰਾਮ (ਬਲਵਿੰਦਰ ਸਿੰਘ): ਪ੍ਰਸਿੱਧ ਯੂਟਿਊਬਰ ਅਤੇ ਬਿਗ ਬਾਸ OTT ਜੇਤੂ ਐਲਵਿਸ਼ ਯਾਦਵ ਦੇ ਸੈਕਟਰ-57 ਸਥਿਤ ਘਰ ਦੇ ਬਾਹਰ ਐਤਵਾਰ ਸਵੇਰੇ ਤਿੰਨ ਨਕਾਬਪੋਸ਼ ਬਦਮਾਸ਼ਾਂ ਵੱਲੋਂ ਤਾਬੜਤੋੜ ਗੋਲੀਆਂ ਚਲਾਈਆਂ ਗਈਆਂ। ਇਸ ਘਟਨਾ ‘ਚ ਕਿਸੇ ਨੂੰ ਕੋਈ ਚੋਟ ਨਹੀਂ ਲੱਗੀ।
ਪੁਲਿਸ ਮੁਤਾਬਕ, ਬਦਮਾਸ਼ ਸਵੇਰੇ ਲਗਭਗ 5:30 ਵਜੇ ਮੋਟਰਸਾਈਕਲ ‘ਤੇ ਆਏ ਜਿਨ੍ਹਾਂ ਵਿਚੋਂ ਇੱਕ ਵਿਅਕਤੀ ਬਾਈਕ ‘ਤੇ ਬੈਠਿਆ ਰਿਹਾ ਜਦਕਿ ਦੋ ਹਥਿਆਰਬੰਦ ਅੰਦਰ ਘੁਸ ਕੇ ਘਰ ਵੱਲ ਲਗਾਤਾਰ ਗੋਲੀਆਂ ਚਲਾਉਂਦੇ ਰਹੇ। ਘਰ ਦੇ ਪਹਿਲੇ ਮੰਜ਼ਿਲ ਦੇ ਕੱਚ ਦਰਵਾਜ਼ੇ ਅਤੇ ਖਿੜਕੀਆਂ ਗੋਲੀਆਂ ਨਾਲ ਚੀਰ ਗਈਆਂ। ਉਸ ਸਮੇਂ ਐਲਵਿਸ਼ ਘਰ ‘ਚ ਮੌਜੂਦ ਨਹੀਂ ਸੀ।
ਘਟਨਾ ਤੋਂ ਕੁਝ ਸਮੇਂ ਬਾਅਦ ਇੱਕ ਇੰਸਟਾਗ੍ਰਾਮ ਪੋਸਟ ਵਾਇਰਲ ਹੋਈ, ਜਿਸ ਵਿੱਚ ਆਪਣੇ ਆਪ ਨੂੰ “ਭਾਉ ਗੈਂਗ” ਕਹਿਣ ਵਾਲੇ ਗਿਰੋਹ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ। ਪੋਸਟ ਵਿੱਚ ਦੱਸਿਆ ਗਿਆ ਕਿ ਐਲਵਿਸ਼ ਯਾਦਵ ਨੂੰ ਗੈਰਕਾਨੂੰਨੀ ਬੈਟਿੰਗ ਐਪਸ ਦੀ ਪ੍ਰਚਾਰਨਾ ਕਰਨ ਕਾਰਨ ਨਿਸ਼ਾਨਾ ਬਣਾਇਆ ਗਿਆ। ਸੁਨੇਹੇ ਵਿੱਚ ਹੋਰਾਂ ਨੂੰ ਵੀ ਚੇਤਾਵਨੀ ਦਿੱਤੀ ਗਈ ਕਿ “ਜੋ ਵੀ ਐਪਸ ਦਾ ਪ੍ਰਚਾਰ ਕਰੇਗਾ, ਉਸ ਨੂੰ ਕਦੇ ਵੀ ਕਾਲ ਜਾਂ ਗੋਲੀ ਮਿਲ ਸਕਦੀ ਹੈ।”
ਇਸ ਗਿਰੋਹ ਦੇ ਮੁਖੀ ਹਿਮਾਂਸ਼ੂ ਭਾਉ, ਜੋ ਪੁਰਤਗਾਲ ‘ਚ ਰਹਿੰਦਾ ਹੈ, ਅਤੇ ਉਸ ਦੇ ਸਾਥੀ ਨੀਰਜ ਫ਼ਰੀਦਪੁਰੀਆ ਦਾ ਨਾਮ ਇਸ ਹਮਲੇ ਨਾਲ ਜੋੜਿਆ ਜਾ ਰਿਹਾ ਹੈ। ਹਾਲਾਂਕਿ, ਪੁਲਿਸ ਨੇ ਕਿਹਾ ਹੈ ਕਿ ਸੋਸ਼ਲ ਮੀਡੀਆ ਪੋਸਟ ਦੀ ਸਚਾਈ ਅਜੇ ਤਸਦੀਕ ਨਹੀਂ ਕੀਤੀ ਗਈ।
ਪਰਿਵਾਰ ਦਾ ਬਿਆਨ
ਐਲਵਿਸ਼ ਯਾਦਵ ਦੇ ਪਿਤਾ ਨੇ ਕਿਹਾ ਕਿ ਪਰਿਵਾਰ ਨੂੰ ਪਹਿਲਾਂ ਕੋਈ ਧਮਕੀ ਨਹੀਂ ਮਿਲੀ ਸੀ। “ਅਸੀਂ ਸਾਰੇ ਘਰ ਅੰਦਰ ਸੌਂ ਰਹੇ ਸੀ। ਤਿੰਨ ਬਦਮਾਸ਼ ਮੋਟਰਸਾਈਕਲ ‘ਤੇ ਆਏ। ਇੱਕ ਬਾਹਰ ਰਿਹਾ ਜਦਕਿ ਦੋ ਨੇ ਲਗਭਗ 25-30 ਰਾਊਂਡ ਚਲਾਏ। ਐਲਵਿਸ਼ ਉਸ ਵੇਲੇ ਸ਼ਹਿਰ ਤੋਂ ਬਾਹਰ ਕੰਮ ਲਈ ਗਿਆ ਹੋਇਆ ਸੀ,” ਉਹਨਾਂ ਦੱਸਿਆ।
ਪੁਲਿਸ ਦੀ ਕਾਰਵਾਈ
ਗੁਰੁਗਰਾਮ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸੀਸੀਟੀਵੀ ਫੁਟੇਜ ਖੰਗਾਲੀ ਜਾ ਰਹੀ ਹੈ ਅਤੇ ਇੰਸਟਾਗ੍ਰਾਮ ਪੋਸਟ ਦੇ ਸਰੋਤ ਦਾ ਪਤਾ ਲਗਾਉਣ ਦੀ ਕੋਸ਼ਿਸ਼ ਜਾਰੀ ਹੈ।
