ਬਿੰਨੂ ਢਿੱਲੋਂ ਦੀ ਭਾਵੁਕ ਸ਼ਰਧਾਂਜਲੀ – “ਅੱਜ ਮੈਂ ਸਿਰਫ਼ ਇਕ ਕਲਾਕਾਰ ਨਹੀਂ, ਆਪਣੇ ਫਿਲਮੀ ਬਾਪੂ ਨੂੰ ਵੀ ਖੋ ਬੈਠਿਆ ਹਾਂ”

ਚੰਡੀਗੜ੍ਹ, 22 ਅਗਸਤ – ਪੰਜਾਬੀ ਫਿਲਮ ਉਦਯੋਗ ਅੱਜ ਗ਼ਮਗ਼ੀਨ ਹੈ ਕਿਉਂਕਿ ਹਾਸੇ ਦੇ ਬਾਦਸ਼ਾਹ ਜਸਵਿੰਦਰ ਭੱਲਾ ਦੇ ਦੇਹਾਂਤ ਦੀ ਖ਼ਬਰ ਨੇ ਸਭ ਨੂੰ ਹੈਰਾਨ ਤੇ ਦੁਖੀ ਕਰ ਦਿੱਤਾ। ਭੱਲਾ ਜੀ ਦੇ ਚਲੇ ਜਾਣ ‘ਤੇ ਪੰਜਾਬੀ ਸਿਨੇਮਾ ਦੇ ਕਈ ਕਲਾਕਾਰਾਂ ਨੇ ਆਪਣੇ ਦੁੱਖ ਦਾ ਪ੍ਰਗਟਾਵਾ ਕੀਤਾ।

ਅਦਾਕਾਰ ਬਿੰਨੂ ਢਿੱਲੋਂ ਨੇ ਸੋਸ਼ਲ ਮੀਡੀਆ ‘ਤੇ ਭਾਵੁਕ ਸ਼ਬਦਾਂ ਰਾਹੀਂ ਆਪਣੀ ਪੀੜ ਸਾਂਝੀ ਕੀਤੀ। ਉਨ੍ਹਾਂ ਨੇ ਲਿਖਿਆ – “ਅੱਜ ਮੈਂ ਸਿਰਫ਼ ਇਕ ਵੱਡੇ ਕਲਾਕਾਰ ਨੂੰ ਹੀ ਨਹੀਂ, ਇਕ ਪਿਆਰੇ ਦੋਸਤ, ਇਕ ਵੱਡੇ ਭਰਾ, ਇਕ ਰਹਨੁਮਾ ਨੂੰ ਖੋ ਬੈਠਿਆ ਹਾਂ। ਮੇਰੇ ਫਿਲਮੀ ਪਰਦੇ ਦਾ ਬਾਪੂ ਵੀ ਅੱਜ ਸਾਨੂੰ ਛੱਡ ਕੇ ਚਲਾ ਗਿਆ। ਜਸਵਿੰਦਰ ਭੱਲਾ ਜੀ ਨੇ ਸਾਨੂੰ ਸਿਰਫ਼ ਹਸਾਇਆ ਨਹੀਂ, ਸਾਨੂੰ ਜੀਵਨ ਦੀਆਂ ਸੱਚਾਈਆਂ ਹੱਸ ਕੇ ਜਿਉਣੀ ਵੀ ਸਿਖਾਈਆਂ।”

ਬਿੰਨੂ ਨੇ ਹੋਰ ਵੀ ਲਿਖਿਆ ਕਿ ਸੈੱਟਾਂ ‘ਤੇ ਬਿਤਾਈਆਂ ਗੱਲਾਂ, ਉਨ੍ਹਾਂ ਦੀਆਂ ਖਿੜੀਆਂ ਮੁਸਕਾਨਾਂ ਤੇ ਪਿਆਰ ਭਰੀਆਂ ਝਿੜਕਾਂ ਹਮੇਸ਼ਾਂ ਯਾਦ ਰਹਿਣਗੀਆਂ। “ਅੱਜ ਹਾਸਾ ਰੋਣ ਵਿਚ ਬਦਲ ਗਿਆ ਹੈ, ਪਰ ਭੱਲਾ ਸਾਹਿਬ ਦੀ ਯਾਦ ਸਾਡੇ ਦਿਲਾਂ ਤੋਂ ਕਦੇ ਨਹੀਂ ਮਿਟ ਸਕਦੀ। ਵਾਹਿਗੁਰੂ ਜੀ ਉਨ੍ਹਾਂ ਨੂੰ ਆਪਣੇ ਚਰਨਾਂ ਵਿਚ ਥਾਂ ਦੇਣ ਤੇ ਸਾਨੂੰ ਇਹ ਵੱਡਾ ਘਾਟਾ ਸਹਿਣ ਦੀ ਤਾਕਤ ਬਖ਼ਸ਼ਣ,” ਉਨ੍ਹਾਂ ਨੇ ਕਿਹਾ।

ਜਸਵਿੰਦਰ ਭੱਲ ਪਿਛਲੇ ਕੁਝ ਮਹੀਨਿਆਂ ਤੋਂ ਬਿਮਾਰ ਸਨ। ਉਨ੍ਹਾਂ ਨੂੰ ਮੋਹਾਲੀ ਦੇ ਫੋਟਿਸ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ ਜਿੱਥੇ ਉਨ੍ਹਾਂ ਨੇ 22 ਅਗਸਤ ਦੀ ਸਵੇਰ ਨੂੰ ਆਖਰੀ ਸਾਹ ਲਿਆ।

ਡਾਕਟਰੀ ਯਤਨਾਂ ਦੇ ਬਾਵਜੂਦ, ਜਸਵਿੰਦਰ ਭੱਲਾ ਨੇ ਸ਼ੁੱਕਰਵਾਰ ਸਵੇਰੇ 4:00 ਵਜੇ ਆਖਰੀ ਸਾਹ ਲਿਆ। ਬਾਅਦ ਵਿੱਚ ਉਨ੍ਹਾਂ ਦੀ ਮੌਤ ਦੀ ਪੁਸ਼ਟੀ ਉਨ੍ਹਾਂ ਦੇ ਕਰੀਬੀ ਦੋਸਤ ਅਤੇ ਸਾਥੀ ਛਣਕਾਟਾ ਅਦਾਕਾਰ ਬਾਲਮੁਕੁੰਦ ਸ਼ਰਮਾ ਨੇ ਕੀਤੀ।

ਜਸਵਿੰਦਰ ਭੱਲਾ ਨੇ ਪੰਜਾਬੀ ਫਿਲਮਾਂ ਅਤੇ ਰੰਗਮੰਚ ‘ਤੇ ਆਪਣੀ ਅਲੱਗ ਪਹਿਚਾਣ ਬਣਾਈ। ਉਨ੍ਹਾਂ ਦੀ ਕਲਾ, ਹਾਸਾ ਤੇ ਜੀਵਨ ਦੀਆਂ ਸਿਖਲਾਈਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਣਾ ਬਣੀਆਂ ਰਹਿਣਗੀਆਂ।

By Gurpreet Singh

Leave a Reply

Your email address will not be published. Required fields are marked *