ਹੜਾਂ ਨਾਲ 100 ਫੀਸਦੀ ਨੁਕਸਾਨੇ ਘਰਾਂ ਅਤੇ ਹੋਈਆਂ ਮੌਤਾਂ ਦਾ ਮੁਆਵਜਾ ਤੁਰੰਤ ਜਾਰੀ ਹੋਵੇ-ਡਿਪਟੀ ਕਮਿਸ਼ਨਰ


ਅੰਮ੍ਰਿਤਸਰ 5 ਸਤੰਬਰ 2025— ਹੜਾਂ ਦੋਰਾਨ 100 ਫੀਸਦੀ ਨੁਕਸਾਨੇ ਘਰਾਂ ਅਤੇ ਹੋਈਆਂ ਮੌਤਾਂ ਦਾ ਮੁਆਵਜਾ਼ ਦੇਣ ਲਈ ਤੁਰੰਤ ਕਾਰਵਾਈ ਆਰੰਭੀ ਜਾਵੇ ਤਾਂ ਜੋ ਆਉਦੇ ਦਿਨਾਂ ਵਿਚ ਪੀੜਤਾਂ ਨੂੰ ਮੁਆਵਜਾ਼ ਰਾਸ਼ੀ ਦਿੱਤੀ ਜਾ ਸਕੇ। ਇੰਨਾਂ ਸ਼ਬਦਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ਼੍ਰੀਮਤੀ ਸਾਕਸ਼ੀ ਸਾਹਨੀ ਨੇ ਅੱਜ ਅਜਨਾਲਾ ਵਿਖੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਦੇ ਸਮੇ ਕੀਤਾ।
ਉਨ੍ਹਾਂ ਕਿਹਾ ਕਿ ਪ੍ਰਭਾਵਿਤ ਨਾਗਰਿਕਾਂ ਲਈ ਰਾਹਤ ਅਤੇ ਮੁੜ ਵਸੇਬਾ ਯਤਨ ਪਹਿਲਾਂ ਹੀ ਆਰੰਭੇ ਜਾ ਚੁੱਕੇ ਹਨ। ਉਨ੍ਹਾਂ ਜ਼ਿਲ੍ਹਾ ਮਾਲ ਅਫ਼ਸਰ ਨੂੰ ਹਦਾਇਤ ਕੀਤੀ ਕਿ ਹੜ੍ਹਾਂ ਨਾਲ ਪ੍ਰਭਾਵਿਤ ਇਲਾਕਿਆਂ ਦੇ ਸਬੰਧਤ ਐਸ.ਡੀ.ਐਮਜ਼ ਅਤੇ ਹੋਰਨਾਂ ਅਧਿਕਾਰੀਆਂ ਨਾਲ ਤਾਲਮੇਲ ਕਰਕੇ ਮੁਆਵਜ਼ੇ ਅਤੇ ਰਾਹਤ ਸਮੱਗਰੀ ਦੀ ਸਮੇਂ ਸਿਰ ਵੰਡ ਯਕੀਨੀ ਬਣਾਈ ਜਾਵੇ। ਉਨ੍ਹਾਂ ਕਿਹਾ ਕਿ ਕੋਈ ਵੀ ਯੋਗ ਆਮ ਨਾਗਰਿਕ ਇਸ ਰਾਹਤ ਤੋਂ ਵਾਂਝਾ ਨਹੀਂ ਰਹਿਣਾ ਚਾਹੀਦਾ।
ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਮਾਲ ਅਫ਼ਸਰ ਨੂੰ ਇਹ ਵੀ ਨਿਰਦੇਸ਼ ਦਿੱਤੇ ਕਿ ਆਮ ਨਾਗਰਿਕਾਂ ਵੱਲੋਂ ਮੁਆਵਜ਼ੇ ਲਈ ਪ੍ਰਾਪਤ ਹੋਣ ਵਾਲੀਆਂ ਦਰਖਾਸਤਾਂ/ਕਲੇਮਜ਼ ਸਬੰਧੀ ਸਰਕਾਰ ਦੀਆਂ ਹਦਾਇਤਾਂ ਨੂੰ ਮੁੱਖ ਰੱਖਦਿਆਂ ਕਾਰਵਾਈ ਤੇਜ਼ੀ ਨਾਲ ਅਮਲ ਵਿੱਚ ਲਿਆਂਦੀ ਜਾਵੇ ਤਾਂ ਜੋ ਪ੍ਰਭਾਵਿਤ ਲੋਕਾਂ ਨੂੰ ਫੌਰੀ ਰਾਹਤ ਪ੍ਰਦਾਨ ਕੀਤੀ ਜਾ ਸਕੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪਿੰਡਾਂ ਵਿਚ ਹੜਾਂ ਦੇ ਪਾਣੀ ਦਾ ਪੱਧਰ ਹੁਣ ਘੱਟ ਰਿਹਾ ਹੈ ਪਰ ਨੀਂਵੇਂ ਇਲਾਕਿਆਂ ਵਿੱਚ ਪਾਣੀ ਖੜ੍ਹਾ ਹੋਣ ਕਰਕੇ ਕੀਟਾਣੂਆਂ ਅਤੇ ਗੰਦੇ ਪਾਣੀ ਨਾਲ ਪੈਦਾ ਹੋਣ ਵਾਲੀਆਂ ਬਿਮਾਰੀਆਂ ਦੇ ਖਦਸ਼ੇ ਦੇ ਮੱਦੇਨਜ਼ਰ ਵੱਖ-ਵੱਖ ਵਿਭਾਗਾਂ ਨੂੰ ਤੁਰੰਤ ਰੋਕਥਾਮ ਉਪਾਅ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ ਤਾਂ ਜੋ ਇਨ੍ਹਾਂ ਬਿਮਾਰੀਆਂ ਨੂੰ ਫੈਲਣ ਤੋਂ ਰੋਕਿਆ ਜਾ ਸਕੇ।
ਡਿਪਟੀ ਕਮਿਸ਼ਨਰ ਨੇ ਸਿਹਤ ਅਤੇ ਪੰਚਾਇਤ ਵਿਭਾਗ ਨੂੰ ਹਦਾਇਤ ਕੀਤੀ ਕਿ ਉੱਚ ਖਤਰੇ ਵਾਲੇ ਇਲਾਕਿਆਂ ਵਿੱਚ ਘਰ-ਘਰ ਸਰਵੇਖਣ ਕਰਨ ਲਈ ਤੁਰੰਤ ਰਿਸਪੌਂਸ ਟੀਮਾਂ ਦਾ ਗਠਨ ਕਰਕੇ ਤਾਇਨਾਤੀ ਯਕੀਨੀ ਬਣਾਈ ਜਾਵੇ। ਇਸ ਤੋਂ ਇਲਾਵਾ ਸੰਭਾਵਿਤ ਮਾਮਲਿਆਂ ਨਾਲ ਨਜਿੱਠਣ ਲਈ ਸਾਰੀਆਂ ਜ਼ਰੂਰੀ ਦਵਾਈਆਂ, ਡਾਇਗਨੋਸਟਿਕ ਕਿੱਟਾਂ ਅਤੇ ਹਸਪਤਾਲਾਂ ਵਿੱਚ ਬੈੱਡਾਂ ਦੀ ਉਪਲਬਧਤਾ ਵੀ ਯਕੀਨੀ ਬਣਾਈ ਜਾਵੇ। ਉਨ੍ਹਾਂ ਕਿਹਾ ਕਿ ਸਾਰੇ ਸਿਹਤ ਕੇਂਦਰਾਂ ਵਿੱਚ ਦਰਜ ਮਾਮਲਿਆਂ ਦੀ ਨਿਗਰਾਨੀ ਦੇ ਨਾਲ-ਨਾਲ ਪ੍ਰਭਾਵਿਤ ਇਲਾਕਿਆਂ ਵਿੱਚ ਫੋਗਿੰਗ ਵੀ ਕਰਵਾਈ ਜਾਵੇ। ਉਨ੍ਹਾਂ ਸਬੰਧਤ ਵਿਭਾਗਾਂ ਨੂੰ ਇਸ ਸਬੰਧੀ ਰਿਪੋਰਟ ਪੇਸ਼ ਕਰਨ ਦੇ ਨਿਰਦੇਸ਼ ਵੀ ਦਿੱਤੇ।
ਜ਼ਿਕਰਯੋਗ ਹੈ ਕਿ ਡਿਪਟੀ ਕਮਿਸ਼ਨਰ ਜਾਰੀ ਹਦਾਇਤਾਂ ਅਨੁਸਾਰ ਵੱਖ-ਵੱਖ ਵਿਭਾਗਾਂ ਦੀਆਂ ਟੀਮਾਂ ਵੱਲੋਂ ਆਪਣਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ ਪ੍ਰਭਾਵਿਤ ਇਲਾਕਿਆਂ ਵਿੱਚ ਕੀਟਾਣੂਆਂ ਤੇ ਗੰਦੇ ਪਾਣੀ ਨਾਲ ਪੈਦਾ ਹੋਣ ਵਾਲੀਆਂ ਬਿਮਾਰੀਆਂ ਦੀ ਰੋਕਥਾਮ ਲਈ ਯਤਨ ਆਰੰਭ ਦਿੱਤੇ ਗਏ ਅਤੇ ਲੋੜਵੰਦਾਂ ਨੂੰ ਰਾਹਤ ਸਮੱਗਰੀ ਤੇ ਪਸ਼ੂਆਂ ਲਈ ਹਰਾ ਚਾਰਾ ਪਿੰਡ ਪੱਧਰ ਤੱਕ ਪੀੜਤਾਂ ਨੂੰ ਪਹੁੰਚਾਇਆ ਜਾ ਰਿਹਾ ਹੈ।
ਇਸ ਮੀਟਿੰਗ ਵਿਚ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ਼੍ਰੀ ਰੋਹਿਤ ਗੁਪਤਾ, ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ )ਸ਼੍ਰੀਮਤੀ ਅਮਨਦੀਪ ਕੌਰ, ਵਧੀਕ ਡਿਪਟੀ ਕਮਿਸ਼ਨਰ (ਪੇਡੂ ਵਿਕਾਸ) ਸ਼੍ਰੀਮਤੀ ਪਰਮਜੀਤ ਕੌਰ,ਐਸ ਡੀ ਐਮ ਅੰਮ੍ਰਿਤਸਰ-1 ਸ: ਗੁਰਸਿਮਰਨ ਸਿੰਘ, ਜ਼ਿਲਾ ਖੁਰਾਕ ਤੇ ਸਪਲਾਈ ਅਧਿਕਾਰੀ ਸ: ਅਮਨਜੀਤ ਸਿੰਘ,ਜ੍ਹਿਲਾਂ ਵਿਕਾਸ ਤੇ ਪੰਚਾਇਤ ਅਫਸਰ ਸ਼੍ਰੀ ਸੰਦੀਪ ਮਲਹੋਤਰਾ, ਸਹਾਇਕ ਸਿਵਲ ਸਰਜਨ ਡਾਕਟਰ ਰਜਿੰਦਰ ਪਾਲ ਕੌਰ ਤੋ ਇਲਾਵਾ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।

By Gurpreet Singh

Leave a Reply

Your email address will not be published. Required fields are marked *