ਲੁਧਿਆਣਾ (ਗੁਰਪ੍ਰੀਤ ਸਿੰਘ): ਸੰਤ ਆਤਮਾ ਰਾਮ ਜੀ ਮਹਾਰਾਜ ਦੇ 142ਵੇਂ ਅਤੇ ਰਾਸ਼ਟਰੀ ਸੰਤ ਵਿਰਸ਼ਟ ਉਪਾਦਿਆ ਵਾਜਨਾਚਾਰੀਆ ਸ੍ਰੀ ਮਨੋਹਰ ਮੁਨੀ ਜੀ ਮਹਾਰਾਜ ਦੇ 98ਵੇਂ ਜਨਮ ਦਿਨ ਮੌਕੇ ਸਮਾਜ ਦੇ ਸਾਰੇ ਵਰਗਾਂ ਵਿੱਚ ਆਪਸੀ ਭਾਈਚਾਰੇ ਨੂੰ ਵਧਾਉਣ ਦੇ ਉਦੇਸ਼ ਨਾਲ ਇੱਕ ਵਿਰਾਟ ਸਰਬ ਧਰਮ ਸੰਗਮ ਸਮਾਗਮ ਗੁਰੂ ਨਾਨਕ ਦੇਵ ਭਵਨ, ਲੁਧਿਆਣਾ ਵਿਖੇ ਕਰਵਾਇਆ ਗਿਆ। ਇਹ ਸਮਾਗਮ ਭਾਰਤ ਸੰਤ ਗੌਰਵ ਸ੍ਰੀ ਪਿਊਸ਼ ਮੁਨੀ ਜੀ ਮਹਾਰਾਜ ਦੀ ਪ੍ਰੇਰਨਾ ਨਾਲ ਆਯੋਜਿਤ ਕੀਤਾ ਗਿਆ।

ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਸੰਗਤ ਨੇ ਹਾਜ਼ਰੀ ਭਰੀ ਅਤੇ ਮਹਾਨ ਸੰਤਾਂ-ਮਹਾਪੁਰਸ਼ਾਂ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਕਈ ਸਤਿਕਾਰਯੋਗ ਸ਼ਖ਼ਸੀਅਤਾਂ ਵੀ ਉਚੇਚੇ ਤੌਰ ‘ਤੇ ਸ਼ਾਮਲ ਹੋਈਆਂ, ਜਿਨ੍ਹਾਂ ਨੇ ਸਮਾਗਮ ਦੀ ਸ਼ੋਭਾ ਨੂੰ ਹੋਰ ਵਧਾਇਆ। ਇਨ੍ਹਾਂ ਵਿਚੋਂ ਪੰਜਾਬ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੀ ਮੌਜੂਦ ਸਨ।

ਸਮਾਗਮ ਦੌਰਾਨ ਸਰਬ ਧਰਮ ਸੰਗਮ ਦੇ ਸੁਨੇਹੇ ਨੂੰ ਪ੍ਰਮੁੱਖਤਾ ਦਿੱਤੀ ਗਈ, ਜਿਸ ਵਿੱਚ ਸਮਾਜ ਦੀ ਏਕਤਾ ਅਤੇ ਸਾਂਝੀਵਾਲਤਾ ਨੂੰ ਮਜ਼ਬੂਤ ਕਰਨ ‘ਤੇ ਜ਼ੋਰ ਦਿੱਤਾ ਗਿਆ।
ਸੰਗਤ ਨੇ ਇਸ ਮੌਕੇ ਸੰਤਾਂ ਦੇ ਜੀਵਨ ਅਤੇ ਉਪਦੇਸ਼ਾਂ ਤੋਂ ਪ੍ਰੇਰਨਾ ਲੈਂਦਿਆਂ, ਸਮਾਜ ਵਿੱਚ ਪਿਆਰ, ਸਦਭਾਵਨਾ ਅਤੇ ਭਾਈਚਾਰਕ ਸਾਂਝ ਨੂੰ ਅੱਗੇ ਵਧਾਉਣ ਦਾ ਪ੍ਰਣ ਕੀਤਾ।ਇਹ ਸਮਾਗਮ ਸਮਾਜ ਵਿੱਚ ਧਾਰਮਿਕ ਅਤੇ ਸਮਾਜਿਕ ਸਦਭਾਵਨਾ ਨੂੰ ਉਤਸ਼ਾਹਿਤ ਕਰਨ ਦੇ ਨਾਲ-ਨਾਲ ਸੰਤਾਂ ਦੇ ਜੀਵਨ ਦਰਸ਼ਨ ਨੂੰ ਲੋਕਾਂ ਤੱਕ ਪਹੁੰਚਾਉਣ ਵਿੱਚ ਮੀਲ ਪੱਥਰ ਸਾਬਤ ਹੋਇਆ।
