ਹੜ੍ਹ ਨਾਲ ਖ਼ਤਰੇ ਵਿੱਚ ਪਸ਼ੂਆਂ ਦੀ ਜ਼ਿੰਦਗੀ, ਪੰਜਾਬ ਸਰਕਾਰ ਨੇ ਚਲਾਈ ਵੱਡੀ ਟੀਕਾਕਰਨ ਮੁਹਿੰਮ

ਨੈਸ਼ਨਲ ਟਾਈਮਜ਼ ਬਿਊਰੋ :- ਪੰਜਾਬ ਸਰਕਾਰ ਵੱਲੋਂ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਪਸ਼ੂਆਂ ਦੀ ਜ਼ਿੰਦਗੀ ਬਚਾਉਣ ਲਈ ਵੱਡੇ ਪੱਧਰ ‘ਤੇ ਟੀਕਾਕਰਨ ਮੁਹਿੰਮ ਚਲਾਈ ਜਾ ਰਹੀ ਹੈ। ਕੈਬਨਿਟ ਮੰਤਰੀ ਪੰਜਾਬ ਸਰਦਾਰ ਗੁਰਮੀਤ ਸਿੰਘ ਖੁੱਡੀਆਂ ਦੀ ਅਗਵਾਈ ਅਤੇ ਖੇਤੀਬਾੜੀ, ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ ਦੇ ਪ੍ਰਮੁੱਖ ਸਕੱਤਰ ਰਾਹੁਲ ਭੰਡਾਰੀ ਦੇ ਦਿਸ਼ਾ-ਨਿਰਦੇਸ਼ਾਂ ਹੇਠ ਇਹ ਵਿਸ਼ੇਸ਼ ਯਤਨ ਸ਼ੁਰੂ ਕੀਤਾ ਗਿਆ ਹੈ।

ਸੀਨੀਅਰ ਵੈਟਰਨਰੀ ਅਫ਼ਸਰ ਡਾ. ਵਿਜੇ ਕੁਮਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਠਾਨਕੋਟ ਜ਼ਿਲ੍ਹੇ ਵਿੱਚ ਹੜ੍ਹ ਦੇ ਕਾਰਨ ਬਹੁਤ ਸਾਰੇ ਪਸ਼ੂਆਂ ਨੂੰ ਬਿਮਾਰੀਆਂ ਦੇ ਖ਼ਤਰੇ ਨੇ ਘੇਰ ਲਿਆ ਹੈ। ਇਸ ਸੰਕਟ ਨੂੰ ਧਿਆਨ ਵਿੱਚ ਰੱਖਦੇ ਹੋਏ ਪਸ਼ੂ ਪਾਲਣ ਵਿਭਾਗ ਨੇ 12 ਟੀਮਾਂ ਤਿਆਰ ਕੀਤੀਆਂ ਹਨ, ਜੋ ਘਰ-ਘਰ ਜਾ ਕੇ ਪਸ਼ੂਆਂ ਨੂੰ ਟੀਕੇ ਲਗਾ ਰਹੀਆਂ ਹਨ।

ਓਨ੍ਹਾਂ ਦੱਸਿਆ ਕਿ ਵਿਭਾਗ ਵੱਲੋਂ ਜ਼ਿਲ੍ਹੇ ਦੀਆਂ ਵੱਖ-ਵੱਖ ਪਸ਼ੂ ਸੰਸਥਾਵਾਂ ਨੂੰ 30 ਹਜ਼ਾਰ ਖੁਰਾਕਾਂ ਦੀ ਸਪਲਾਈ ਕਰ ਦਿੱਤੀ ਗਈ ਹੈ। ਟੀਮਾਂ ਵਿੱਚ ਵੈਟਰਨਰੀ ਅਫ਼ਸਰ, ਵੈਟਰਨਰੀ ਇੰਸਪੈਕਟਰ ਅਤੇ ਵੈਟਰਨਰੀ ਸੇਵਾ ਪ੍ਰਦਾਤਾ ਸ਼ਾਮਲ ਹਨ। ਇਹ ਟੀਮਾਂ ਨਾ ਸਿਰਫ਼ ਟੀਕਾਕਰਨ ਕਰ ਰਹੀਆਂ ਹਨ, ਸਗੋਂ ਹੜ੍ਹ ਕਾਰਨ ਪ੍ਰਭਾਵਿਤ ਅਤੇ ਬਿਮਾਰ ਹੋਏ ਪਸ਼ੂਆਂ ਦਾ ਇਲਾਜ ਵੀ ਕਰ ਰਹੀਆਂ ਹਨ।

ਡਾ. ਵਿਜੇ ਨੇ ਅੱਗੇ ਦੱਸਿਆ ਕਿ ਜੇ ਪਸ਼ੂਆਂ ਨੂੰ ਇਹ ਟੀਕੇ ਨਹੀਂ ਲਗਵਾਏ ਜਾਂਦੇ ਤਾਂ ਉਹ ਖ਼ਤਰਨਾਕ ਬਿਮਾਰੀਆਂ ਦੀ ਚਪੇਟ ਵਿੱਚ ਆ ਸਕਦੇ ਹਨ, ਜਿਸ ਨਾਲ ਉਹਨਾਂ ਦੀ ਮੌਤ ਵੀ ਹੋ ਸਕਦੀ ਹੈ। ਇਸ ਲਈ ਕਿਸਾਨਾਂ ਅਤੇ ਪਸ਼ੂ ਪਾਲਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਆਪਣੇ ਹਰ ਪਸ਼ੂ ਨੂੰ ਲਾਜ਼ਮੀ ਤੌਰ ‘ਤੇ ਇਹ ਟੀਕਾ ਲਗਵਾਉਣ।

By Gurpreet Singh

Leave a Reply

Your email address will not be published. Required fields are marked *