National Times Bureau :- ਕੀਰਤਪੁਰ ਸਾਹਿਬ–ਕੁੱਲੂ ਮਨਾਲੀ ਮੁੱਖ ਮਾਰਗ ‘ਤੇ ਪਿੰਡ ਮੱਸੇਵਾਲ ਅਤੇ ਦੇਹਣੀ ਦੇ ਵਿਚਕਾਰ ਪੈਂਦੇ ਖੱਡ ਦੇ ਪੁਲ ਨੂੰ ਭਾਰੀ ਬਰਸਾਤ ਕਾਰਨ ਵੱਡਾ ਨੁਕਸਾਨ ਪਹੁੰਚਿਆ ਹੈ। ਬੀਤੀ ਰਾਤ ਦੀ ਤਿੱਖੀ ਵਰਖਾ ਨਾਲ ਪੁਲ ਦੇ ਪਿੱਲਰਾਂ ਦੀ ਫਾਊਂਡੇਸ਼ਨ ਨੂੰ ਪਾਣੀ ਨਾਲ ਖਾਰ ਲੱਗ ਗਈ ਹੈ, ਜਦਕਿ ਨਾਲ ਲੱਗੀ ਕ੍ਰੀਏਟ ਵਾਲ ਵੀ ਟੁੱਟ ਗਈ।
ਹਿਮਾਚਲ ਪ੍ਰਦੇਸ਼ ਦੇ ਬਿਲਾਸਪੁਰ ਜ਼ਿਲ੍ਹਾ ਪਰਿਸ਼ਦ ਦੇ ਚੇਅਰਮੈਨ ਮਾਨ ਸਿੰਘ ਧਿਮਾਨ, ਜੋ ਕਿ ਮੱਸੇਵਾਲ ਵਿਖੇ ਰਹਿੰਦੇ ਹਨ, ਨੇ ਦੱਸਿਆ ਕਿ ਉਹ ਪਹਿਲਾਂ ਕਈ ਵਾਰ ਨੈਸ਼ਨਲ ਹਾਈਵੇ ਅਧਿਕਾਰੀਆਂ ਨੂੰ ਇਸ ਸੰਬੰਧੀ ਚੇਤਾਵਨੀ ਦੇ ਚੁੱਕੇ ਹਨ, ਪਰ ਸਮੇਂ ਰਹਿੰਦਿਆਂ ਕੋਈ ਕਾਰਵਾਈ ਨਹੀਂ ਹੋਈ। ਉਹਨਾਂ ਕਿਹਾ ਕਿ ਇਹ ਪੁਲ ਤਿੰਨ ਸਾਲ ਪਹਿਲਾਂ ਕੀਰਤਪੁਰ ਸਾਹਿਬ ਨੇਹਰ ਚੌਂਕ ਫੋਰ ਲਾਈਨ ਕੰਮ ਦੌਰਾਨ ਬਣਾਇਆ ਗਿਆ ਸੀ, ਪਰ ਹੁਣ ਇੰਨੀ ਛੇਤੀ ਪਿੱਲਰਾਂ ਦੇ ਥੱਲੇ ਮਿੱਟੀ ਹੜ੍ਹ ਜਾਣੀ ਅਤੇ ਨੀਹਾਂ ਨੂੰ ਖਾਰ ਲੱਗ ਜਾਣੀ ਗੰਭੀਰ ਸਵਾਲ ਖੜੇ ਕਰਦੀ ਹੈ।
ਉਹਨਾਂ ਮੰਗ ਕੀਤੀ ਕਿ ਪ੍ਰਸ਼ਾਸਨ ਨੂੰ ਤੁਰੰਤ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਜੋ ਪੁਲ ਨੂੰ ਹੋਰ ਨੁਕਸਾਨ ਤੋਂ ਬਚਾਇਆ ਜਾ ਸਕੇ ਅਤੇ ਰੋਜ਼ਾਨਾ ਇਥੋਂ ਲੰਘਣ ਵਾਲੇ ਸੈਂਕੜਿਆਂ ਵਾਹਨਾਂ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ।
ਦੂਜੇ ਪਾਸੇ, ਸੜਕ ਬਣਾਉਣ ਵਾਲੀ ਕੰਪਨੀ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਉਹ ਹਾਲ ਹੀ ਵਿੱਚ ਡਿਊਟੀ ਤੇ ਆਏ ਹਨ ਅਤੇ ਭਾਰੀ ਬਰਸਾਤ ਕਾਰਨ ਪੁਲ ਦੇ ਪਿੱਲਰਾਂ ਦੇ ਨਾਲ ਵੱਡਾ ਨੁਕਸਾਨ ਹੋਇਆ ਹੈ। ਉਹਨਾਂ ਕਿਹਾ ਕਿ ਰਿਪੇਅਰ ਕੰਮ ਸ਼ੁਰੂ ਕੀਤਾ ਗਿਆ ਸੀ, ਪਰ ਬੀਤੀ ਰਾਤ ਦੀ ਬਾਰਿਸ਼ ਕਾਰਨ ਕੰਪਨੀ ਦਾ ਸਮਾਨ ਵੀ ਹੜ੍ਹ ਗਿਆ। ਉਹਨਾਂ ਭਰੋਸਾ ਦਿੱਤਾ ਕਿ ਪਾਣੀ ਘਟਣ ਤੋਂ ਬਾਅਦ ਦੁਬਾਰਾ ਮੁਰੰਮਤ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ।
