ਨੈਸ਼ਨਲ ਟਾਈਮਜ਼ ਬਿਊਰੋ :- ਪੰਜਾਬ ਦੇ ਮਾਲ, ਮੁੜ ਵਸੇਬਾ ਅਤੇ ਆਫ਼ਤ ਪ੍ਰਬੰਧਨ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਦੱਸਿਆ ਕਿ ਸੂਬੇ ’ਚ ਹੜ੍ਹਾਂ ਪਿੱਛੋਂ ਸਥਿਤੀ ਲਗਾਤਾਰ ਆਮ ਵਾਂਗ ਹੋ ਰਹੀ ਹੈ ਤੇ ਪ੍ਰਭਾਵਿਤ ਪਰਿਵਾਰ ਨਿਰੰਤਰ ਆਪੋ-ਆਪਣੇ ਘਰਾਂ ਨੂੰ ਵਾਪਸ ਪਰਤ ਰਹੇ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਭਰ ’ਚ ਹੁਣ ਤੱਕ ਕੁੱਲ 219 ਰਾਹਤ ਕੈਂਪ ਖੋਲ੍ਹੇ ਗਏ ਸਨ ਪਰ ਇਸ ਵੇਲੇ 13 ਕੈਂਪ ਸਿਰਫ਼ ਜ਼ਿਲ੍ਹਾ ਗੁਰਦਾਸਪੁਰ ’ਚ ਹੀ ਜਾਰੀ ਹਨ ਤੇ 10 ਹੜ੍ਹ ਪ੍ਰਭਾਵਿਤ ਵਿਅਕਤੀ ਉੱਥੇ ਠਹਿਰੇ ਹੋਏ ਹਨ। ਜ਼ਿਕਰਯੋਗ ਹੈ ਕਿ ਇਕ ਦਿਨ ਪਹਿਲਾਂ ਤੱਕ ਸੂਬੇ ਭਰ ’ਚ 25 ਕੈਂਪ ਜਾਰੀ ਸਨ, ਜਿਨ੍ਹਾਂ ’ਚ 163 ਵਿਅਕਤੀ ਠਹਿਰੇ ਹੋਏ ਸਨ।
ਮਾਲ ਮੰਤਰੀ ਨੇ ਦੱਸਿਆ ਕਿ ਫ਼ਾਜ਼ਿਲਕਾ ਤੇ ਜਲੰਧਰ ਜ਼ਿਲ੍ਹਿਆਂ ਦੇ ਰਾਹਤ ਕੈਂਪਾਂ ’ਚ ਕੱਲ ਤੱਕ ਕ੍ਰਮਵਾਰ 50 ਤੇ 103 ਵਿਅਕਤੀ ਠਹਿਰੇ ਹੋਏ ਸਨ ਪਰ ਅੱਜ ਇੱਥੋਂ ਸਾਰੇ ਪ੍ਰਭਾਵਿਤ ਵਿਅਕਤੀ ਆਪੋ-ਆਪਣੇ ਘਰਾਂ ਨੂੰ ਚਲੇ ਗਏ ਹਨ। ਸਰਕਾਰ ਦੇ ਵਿਆਪਕ ਯਤਨਾਂ ਸਦਕਾ 1 ਅਗਸਤ ਤੋਂ ਲੈ ਕੇ ਹੁਣ ਤੱਕ ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚੋਂ 23,340 ਵਿਅਕਤੀਆਂ ਨੂੰ ਕੱਢ ਕੇ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ ਗਿਆ। ਰਿਪੋਰਟ ਮੁਤਾਬਕ ਮਾਰੂ ਹੜ੍ਹਾਂ ਨੇ 22 ਜ਼ਿਲ੍ਹਿਆਂ ਤੇ 2555 ਪਿੰਡਾਂ ਨੂੰ ਪ੍ਰਭਾਵਿਤ ਕੀਤਾ ਹੈ, ਜਿਸ ਕਾਰਨ 3,89,445 ਆਬਾਦੀ ਪ੍ਰਭਾਵਿਤ ਹੋਈ। 1 ਅਗਸਤ ਤੋਂ ਹੁਣ ਤੱਕ 57 ਲੋਕਾਂ ਦੀ ਜਾਨ ਗਈ ਅਤੇ 4 ਵਿਅਕਤੀ ਲਾਪਤਾ ਹਨ। ਸੂਬੇ ਭਰ ‘ਚ 1,99,926.2 ਹੈਕਟੇਅਰ ਰਕਬੇ ’ਚ ਖੜ੍ਹੀਆਂ ਫ਼ਸਲਾਂ ਨੂੰ ਭਾਰੀ ਨੁਕਸਾਨ ਪੁੱਜਾ ਹੈ।
