ਨੈਸ਼ਨਲ ਟਾਈਮਜ਼ ਬਿਊਰੋ :- ਬਠਿੰਡਾ ਦੀ ਅਦਾਲਤ ‘ਚ ਅਦਾਕਾਰਾ ਕੰਗਨਾ ਰਣੌਤ ਦੀ ਪੇਸ਼ੀ ਹੋਈ, ਜੋ ਬੇਬੇ ਮਹਿੰਦਰ ਕੌਰ ਮਾਣਹਾਨੀ ਕੇਸ ਨਾਲ ਜੁੜੀ ਹੋਈ ਸੀ। ਅਦਾਲਤ ‘ਚ ਪੇਸ਼ੀ ਤੋਂ ਬਾਅਦ ਕੰਗਨਾ ਨੇ ਮੀਡੀਆ ਨਾਲ ਗੱਲ ਕਰਦਿਆਂ ਕਿਹਾ ਕਿ ਉਸਨੂੰ ਬੇਬੇ ਮਹਿੰਦਰ ਕੌਰ ਬਾਰੇ ਗਲਤਫਹਿਮੀ ਹੋਈ ਸੀ ਅਤੇ ਉਸਦਾ ਟਵੀਟ ਕਿਸੇ ਨੂੰ ਠੇਸ ਪਹੁੰਚਾਉਣ ਦੇ ਮਕਸਦ ਨਾਲ ਨਹੀਂ ਕੀਤਾ ਗਿਆ ਸੀ। ਕੰਗਨਾ ਨੇ ਕਿਹਾ, “ਮੈਨੂੰ ਉਸ ਟਵੀਟ ਲਈ ਅਫਸੋਸ ਹੈ, ਮੈਨੂੰ ਗਲਤਫਹਿਮੀ ਹੋ ਗਈ ਸੀ ਅਤੇ ਮੈਂ ਬੇਬੇ ਮਹਿੰਦਰ ਕੌਰ ਤੇ ਉਨ੍ਹਾਂ ਦੇ ਪਤੀ ਨਾਲ ਗੱਲਬਾਤ ਵੀ ਕੀਤੀ ਹੈ।”
ਇਸ ਮਾਮਲੇ ਨੂੰ ਲੈ ਕੇ ਬਠਿੰਡਾ ਅਦਾਲਤ ਬਾਹਰ ਸੁਰੱਖਿਆ ਦੇ ਕਰੜੇ ਇੰਤਜ਼ਾਮ ਕੀਤੇ ਗਏ ਸਨ। ਮਾਮਲਾ ਉਸ ਸਮੇਂ ਦਾ ਹੈ ਜਦੋਂ ਕਿਸਾਨੀ ਅੰਦੋਲਨ ਦੌਰਾਨ ਕੰਗਨਾ ਰਣੌਤ ਨੇ ਬੇਬੇ ਮਹਿੰਦਰ ਕੌਰ ਨੂੰ “ਸ਼ਾਹੀਨ ਬਾਗ ਵਾਲੀ ਦਾਦੀ” ਕਿਹਾ ਸੀ ਅਤੇ ਇਹ ਵੀ ਟਿੱਪਣੀ ਕੀਤੀ ਸੀ ਕਿ ਉਹ “100 ਰੁਪਏ ਦਿਹਾੜੀ ਤੇ ਪ੍ਰਦਰਸ਼ਨ ਕਰਨ ਆਈਆਂ ਹਨ।” ਇਸ ਟਿੱਪਣੀ ਤੋਂ ਬਾਅਦ ਕੰਗਨਾ ਵਿਰੁੱਧ ਮਾਣਹਾਨੀ ਦੀ ਪਟੀਸ਼ਨ ਦਾਇਰ ਕੀਤੀ ਗਈ ਸੀ।
ਅੱਜ ਦੀ ਪੇਸ਼ੀ ਦੌਰਾਨ ਕੰਗਨਾ ਨੇ ਆਪਣੀ ਗਲਤੀ ਮੰਨੀ ਅਤੇ ਕਿਹਾ ਕਿ ਉਸਦੇ ਸ਼ਬਦਾਂ ਨਾਲ ਜੋ ਠੇਸ ਪਹੁੰਚੀ, ਉਸਦਾ ਉਸਨੂੰ ਦੁੱਖ ਹੈ। ਅਦਾਲਤ ਨੇ ਅਗਲੀ ਸੁਣਵਾਈ ਲਈ ਮਾਮਲੇ ਨੂੰ ਅੱਗੇ ਵਧਾ ਦਿੱਤਾ ਹੈ।
