ਨੈਸ਼ਨਲ ਟਾਈਮਜ਼ ਬਿਊਰੋ :- ਸੀਆਈਏ ਟੀਮ ਮੋਹਾਲੀ ਵੱਲੋਂ ਲੱਕੀ ਪਟਿਆਲ ਦੇ ਗੁਰਗੇ ਰਣਬੀਰ ਰਾਣਾ ਦਾ ਐਨਕਾਊਂਟਰ ਕਰਨ ਦੀ ਸੂਚਨਾ ਮਿਲ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਰਣਬੀਰ ਰਾਣਾ ਵੱਲੋਂ ਬੀਤੇ ਦਿਨੀਂ ਇੱਕ ਹੋਟਲ ਕਾਰੋਬਾਰੀ ਦੇ ਘਰ ਸੈਕਟਰ-38 ਚੰਡੀਗੜ੍ਹ ਵਿੱਚ ਫਾਇਰਿੰਗ ਕੀਤੀ ਗਈ ਸੀ। ਮੁਲਜ਼ਮ ਵੱਲੋਂ ਪਹਿਲਾਂ ਵੀ ਪੰਜਾਬੀ ਗਾਇਕ ਬੰਟੀ ਬੈਂਸ ਉਤੇ ਫਾਇਰਿੰਗ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਸੀ।
ਸੂਚਨਾ ਮਿਲਣ ਉਤੇ ਸੀਆਈਏ ਦੀ ਟੀਮਾਂ ਵੱਲੋਂ ਭੁੱਖੜੀ ਦੇ ਜੰਗਲਾਂ ਨਜ਼ਦੀਕ ਮੁਲਜ਼ਮ ਨੂੰ ਘੇਰਿਆ ਗਿਆ ਜਿਸ ਦੌਰਾਨ ਮੁਲਜ਼ਮ ਨੇ ਸੀਆਈਏ ਟੀਮ ਉੱਪਰ ਫਾਇਰਿੰਗ ਕੀਤੀ ਤਾਂ ਜਵਾਬੀ ਕਾਰਵਾਈ ਵਿੱਚ ਸੀਆਈਏ ਟੀਮ ਮੋਹਾਲੀ ਵੱਲੋਂ ਵੀ ਫਾਇਰਿੰਗ ਕੀਤੀ ਗਈ ਜਿਸ ਵਿੱਚ ਰਣਬੀਰ ਰਾਣਾ ਦੇ ਪੈਰ ਵਿੱਚ ਗੋਲੀ ਲੱਗਣ ਕਾਰਨ ਉਹ ਜ਼ਖਮੀ ਹੋਇਆ ਤੇ ਜ਼ਖ਼ਮੀ ਹਾਲਾਤ ਵਿੱਚ ਉਸਨੂੰ ਮੋਹਾਲੀ ਦੇ ਜ਼ਿਲ੍ਹਾ ਹਸਪਤਾਲ ਵਿੱਚ ਇਲਾਜ ਲਈ ਦਾਖ਼ਲ ਕਰਵਾਇਆ ਗਿਆ ਹੈ।
ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਗੈਂਗਸਟਰ ਰਣਵੀਰ ਰਾਣਾ ਪਿੰਡ ਦੇ ਇੱਕ ਮਕਾਨ ਵਿੱਚ ਲੁਕਿਆ ਹੋਇਆ ਹੈ। ਜਦੋਂ ਪੁਲਿਸ ਟੀਮ ਨੇ ਮਕਾਨ ਦੀ ਘੇਰਾਬੰਦੀ ਕੀਤੀ ਤਾਂ ਅੰਦਰੋਂ ਗੈਂਗਸਟਰ ਵੱਲੋਂ ਪੁਲਿਸ ‘ਤੇ ਤਾਬੜਤੋੜ ਗੋਲੀਬਾਰੀ ਸ਼ੁਰੂ ਕਰ ਦਿੱਤੀ ਗਈ। ਦੋਸ਼ੀ, ਜੋ ਕਿ ਗੁਨੋਮਾਜਰਾ ਪਿੰਡ ਦਾ ਰਹਿਣ ਵਾਲਾ ਹੈ, ਆਪਣੇ ਪਿੰਡ ਤੋਂ ਵਾਪਸ ਆ ਰਿਹਾ ਸੀ ਅਤੇ ਉਸਨੇ ਪੁਲਿਸ ‘ਤੇ ਤਿੰਨ ਗੋਲੀਆਂ ਚਲਾਈਆਂ। ਪੁਲਿਸ ਨੇ ਗੈਂਗਸਟਰ ਨੂੰ ਤੁਰੰਤ ਆਤਮ-ਸਮਰਪਣ ਕਰਨ ਲਈ ਕਿਹਾ ਪਰ ਉਸਨੇ ਫਾਇਰਿੰਗ ਜਾਰੀ ਰੱਖੀ।
ਕਾਬਿਲੇਗੌਰ ਹੈ ਕਿ ਬੀਤੇ ਦਿਨ ਚੰਡੀਗੜ੍ਹ ਵਿੱਚ ਬੁੱਧਵਾਰ ਸਵੇਰੇ ਇੱਕ ਕਾਰੋਬਾਰੀ ਦੀ ਕੋਠੀ ਉਤੇ ਗੋਲੀਬਾਰੀ ਦੀ ਵਾਰਦਾਤ ਵਾਪਰੀ ਸੀ। ਸੈਕਟਰ-38 ਵਿੱਚ ਰਹਿਣ ਵਾਲੇ ਇੱਕ ਕਾਰੋਬਾਰੀ ਮਨਜੀਤ ਸਿੰਘ ਦੇ ਘਰ ਉਤੇ ਮੋਟਰਸਾਈਕਲ ਸਵਾਰ ਦੋ ਬਦਮਾਸ਼ਾਂ ਨੇ ਚਾਰ ਫਾਇਰ ਕੀਤੇ ਗਏ ਸਨ।
ਮੋਟਰਸਾਈਕਲ ‘ਤੇ ਸਵਾਰ ਦੋ ਬਦਮਾਸ਼ਾਂ ਨੇ ਘਰ ‘ਤੇ ਚਾਰ ਗੋਲੀਆਂ ਚਲਾਈਆਂ, ਜਿਸ ਨਾਲ ਨੇੜੇ ਖੜ੍ਹੀ ਥਾਰ ਕਾਰ ਦੀ ਵਿੰਡਸ਼ੀਲਡ ਟੁੱਟ ਗਈ ਸੀ। ਘਟਨਾ ਤੋਂ ਬਾਅਦ ਬਦਮਾਸ਼ ਭੱਜ ਗਏ ਸਨ। ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਖੋਲ ਬਰਾਮਦ ਕੀਤੇ ਸਨ। ਪੁਲਿਸ ਨੇ ਸ਼ਹਿਰ ਦੀ ਨਾਕਾਬੰਦੀ ਕਰ ਦਿੱਤੀ ਹੈ ਅਤੇ ਹਮਲਾਵਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਸੀ।
