ਸਰਕਾਰੀ ਸਕੂਲ ਦਾ ਵਿਦਿਆਰਥੀ ਵਿਧਾਇਕ ਬਣ ਕੇ ਇੱਕ ਦਿਨ ਲਈ ਕਰੇਗਾ ਮਾਨਸਾ ਦੀ ਨੁਮਾਇੰਦਗੀ

ਨੈਸ਼ਨਲ ਟਾਈਮਜ਼ ਬਿਊਰੋ :- ਪੰਜਾਬ ਸਰਕਾਰ ਵੱਲੋਂ 26 ਨਵੰਬਰ ਨੂੰ ਪੰਜਾਬ ਵਿਧਾਨ ਸਭਾ ਵਿੱਚ ਇੱਕ ਦਿਨ ਲਈ ਸਪੈਸ਼ਲ ਵਿਦਿਆਰਥੀ ਸੈਸ਼ਨ ਬੁਲਾਇਆ ਗਿਆ ਹੈ।ਇਹ ਸੈਸ਼ਨ ਪੰਜਾਬ ਦੇ 117  ਵਿਧਾਨ ਸਭਾ ਹਲਕਿਆਂ ਦੇ ਸਰਕਾਰੀ ਸਕੂਲਾਂ ਵਿੱਚੋਂ ਚੁਣ ਕੇ ਆਏ ਵਿਦਿਆਰਥੀ ਚਲਾਉਣਗੇ। ਜਿੰਨਾਂ ਵਿੱਚ ਮਾਨਸਾ ਤੋਂ ਬਾਰਵੀਂ ਜਮਾਤ ਦਾ ਭਾਈ ਬਹਿਲੋ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ( ਮੁੰਡੇ) ਫਫੜੇ ਭਾਈਕੇ ਦਾ ਵਿਦਿਆਰਥੀ ਜਸਪ੍ਰੀਤ ਸਿੰਘ ਮਾਨਸਾ ਦੇ ਵਿਧਾਇਕ ਡਾਕਟਰ ਵਿਜੈ ਸਿੰਗਲਾ ਦੀ ਜਗ੍ਹਾ ਤੇ ਮਾਨਸਾ ਵਿਧਾਨ ਸਭਾ ਹਲਕੇ ਦੀ ਇੱਕ ਦਿਨ ਲਈ ਨੁਮਾਇੰਦਗੀ ਕਰੇਗਾ। ਜਸਪ੍ਰੀਤ ਸਿੰਘ ਨੇ  ਕਿਹਾ ਕਿ ਪੰਜਾਬ ਸਰਕਾਰ ਨੇ ਵਿਦਿਆਰਥੀਆਂ ਵਿੱਚ ਰਾਜਨੀਤਿਕ ਜਾਗਰੂਕਤਾ ਪੈਦਾ ਕਰਨ ਲਈ  26 ਨਵੰਬਰ ਨੂੰ ਸੰਵਿਧਾਨ ਦਿਵਸ ਦੇ ਮੌਕੇ ਤੇ  ਇੱਕ ਦਿਨ ਲਈ ਵਿਧਾਨ ਸਭਾ ਦਾ ਸੈਸ਼ਨ ਵਿਦਿਆਰਥੀਆਂ ਦੁਆਰਾ ਚਲਾਉਣ ਦਾ ਫੈਸਲਾ ਕੀਤਾ ਹੈ। 

ਇਸ ਸੈਸ਼ਨ ਵਿੱਚ ਵਿਧਾਨ ਸਭਾ ਸਪੀਕਰ,  ਮੁੱਖ ਮੰਤਰੀ ਅਤੇ ਐਮ ਐਲ ਏ ਦਾ ਰੋਲ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਗਿਆਰਵੀਂ ਅਤੇ ਬਾਰਵੀਂ ਜਮਾਤ ਦੇ ਵਿਦਿਆਰਥੀ ਕਰਨਗੇ।ਇਸ ਨਾਲ ਵਿਦਿਆਰਥੀਆਂ ਨੂੰ ਬਹੁਤ ਕੁਝ ਸਿੱਖਣ ਦਾ ਮੌਕਾ ਵੀ ਮਿਲੇਗਾ । ਇੱਕ ਦਿਨ ਦੇ ਸੈਸ਼ਨ ਦੌਰਾਨ  ਜਸਪ੍ਰੀਤ ਸਿੰਘ ਧਿਆਨ ਦਿਵਾਊ ਮਤੇ ਰਾਹੀਂ ਮਾਨਸਾ ਸ਼ਹਿਰ ਦੀ ਸੀਵਰੇਜ ਸਮੱਸਿਆ ਅਤੇ ਇਸ ਕਾਰਨ ਫੈਲ ਰਹੀਆਂ ਬਿਮਾਰੀਆਂ  ਦਾ ਮਸਲਾ ਵਿਧਾਨ ਸਭਾ ਵਿੱਚ ਚੁੱਕੇਗਾ। ਅਤੇ ਬਹਿਸ ਵਿੱਚ ਭਾਗ ਲਵੇਗਾ।

ਜਸਪ੍ਰੀਤ ਸਿੰਘ ਨੇ ਕਿਹਾ ਕਿ ਮੈਂ ਬਹੁਤ ਮਾਣ ਮਹਿਸੂਸ ਕਰ ਰਿਹਾ ਕਿ ਮੈਂ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਵਿੱਚ ਬਤੌਰ ਵਿਧਾਇਕ ਜਾ ਰਿਹਾ ਹਾਂ ਅਤੇ ਉੱਥੇ ਜਾ ਕੇ ਆਪਣੇ ਮਾਨਸਾ ਲਈ ਕੁਝ ਚੰਗਾ ਮੰਗ ਕੇ ਲਿਆਵਾਂਗਾ।

       ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਸ੍ਰੀਮਤੀ ਨੀਲਮ ਰਾਣੀ , ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਡਾਕਟਰ ਪਰਮਜੀਤ ਸਿੰਘ ਭੋਗਲ ਅਤੇ ਪ੍ਰਿੰਸੀਪਲ ਕੁਲਦੀਪ ਸਿੰਘ ਚਹਿਲ ਨੇ ਵਿਦਿਆਰਥੀਆਂ ਲਈ ਦਿੱਤੇ ਵਿਸ਼ੇਸ਼ ਮੋਕੇ ਦੀ ਸੂਬਾ ਸਰਕਾਰ ਦੀ ਸ਼ਲਾਘਾ ਕੀਤੀ।ਇਸ ਮੌਕੇ ਵਿਦਿਆਰਥੀ ਵਿਧਾਨ ਸਭਾ ਸੈਸ਼ਨ ਦੇ ਮਾਨਸਾ ਜ਼ਿਲ੍ਹੇ ਦੇ ਕੋਆਰਡੀਨੇਟਰ ਲੈਕਚਰਾਰ ਗੁਰਜੀਤ ਸਿੰਘ ਮਾਨ  ਅਤੇ ਲੈਕਚਰਾਰ ਜਗਸੀਰ ਸਿੰਘ  ਵੀ ਹਾਜ਼ਰ ਸਨ।

By Gurpreet Singh

Leave a Reply

Your email address will not be published. Required fields are marked *