ਅਕਾਲੀ ਉਮੀਦਵਾਰ ਦੀ ਧੀ ਕੰਚਨਪ੍ਰੀਤ ਕੌਰ ਮਜੀਠਾ ਥਾਣੇ ਜਾਂਚ ‘ਚ ਸ਼ਾਮਲ

ਤਰਨਤਾਰਨ : ਤਰਨਤਾਰਨ ਤੋਂ ਜ਼ਿਮਨੀ ਚੋਣ ਦੇ ਦੌਰਾਨ ਦਰਜ ਹੋਏ ਮਾਮਲਿਆਂ ਤੋਂ ਬਾਅਦ ਅਕਾਲੀ ਉਮੀਦਵਾਰ ਬੀਬੀ ਸੁਖਵਿੰਦਰ ਕੌਰ ਦੀ ਧੀ ਕੰਚਨਪ੍ਰੀਤ ਕੌਰ ਪਹਿਲੀ ਵਾਰ ਮੀਡੀਆ ਸਾਹਮਣੇ ਆਈ। ਸ਼ੁੱਕਰਵਾਰ ਨੂੰ ਕੰਚਨਪ੍ਰੀਤ ਕੌਰ ਮਜੀਠਾ ਪੁਲਿਸ ਸਟੇਸ਼ਨ ਵਿਖੇ ਜਾਂਚ ਵਿੱਚ ਸਹਿਯੋਗ ਲਈ ਪੇਸ਼ ਹੋਈ, ਜਿੱਥੇ ਉਸਨੇ ਪੁਲਿਸ ਦੀ ਜਾਂਚ ਵਿੱਚ ਸ਼ਾਮਲ ਹੋ ਕੇ ਆਪਣਾ ਪੱਖ ਰੱਖਿਆ।

ਇਸ ਮੌਕੇ ਉਨ੍ਹਾਂ ਦੇ ਨਾਲ ਅਕਾਲੀ ਦਲ ਦੇ ਆਗੂ ਵਿਰਸਾ ਸਿੰਘ ਵਲਟੋਹਾ ਵੀ ਮੌਜੂਦ ਸਨ। ਪੁਲਿਸ ਥਾਣੇ ਪਹੁੰਚਣ ਮੌਕੇ ਕੰਚਨਪ੍ਰੀਤ ਕੌਰ ਨੇ ਮੀਡੀਆ ਨਾਲ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਸਿਰਫ਼ ਇਨਾ੍ਹ ਹੀ ਕਿਹਾ ਕਿ “ਮੈਨੂੰ ਅਦਾਲਤ ਉੱਤੇ ਪੂਰਾ ਭਰੋਸਾ ਹੈ।”

ਉਧਰ, ਆਗੂ ਵਿਰਸਾ ਸਿੰਘ ਵਲਟੋਹਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੌਜੂਦਾ ਸਰਕਾਰ ਰਾਜਨੀਤਿਕ ਵਿਰੋਧ ਨੂੰ ਦਬਾਉਣ ਲਈ ਨਾਜ਼ਾਇਜ਼ ਤਰੀਕੇ ਵਰਤ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਰੀਤ-ਰਿਵਾਜ ਵਿਚ ਧੀਆਂ ਅਤੇ ਨੂੰਹਾਂ ਦਾ ਸਤਿਕਾਰ ਹੁੰਦਾ ਹੈ ਪਰ ਪਹਿਲੀ ਵਾਰ ਦੇਖਿਆ ਜਾ ਰਿਹਾ ਹੈ ਕਿ ਇੱਕ ਨੌਜਵਾਨ ਕੁੜੀ ਨੂੰ ਰਾਜਨੀਤੀ ਵਿੱਚ ਅੱਗੇ ਵਧਣ ਤੋਂ ਰੋਕਣ ਲਈ ਕੇਸਾਂ ਵਿੱਚ ਫਸਾਇਆ ਜਾ ਰਿਹਾ ਹੈ।

ਵਲਟੋਹਾ ਨੇ ਦਾਅਵਾ ਕਰਦਿਆਂ ਕਿਹਾ ਕਿ ਕੰਚਨਪ੍ਰੀਤ ਕੌਰ ਦੀ ਗ੍ਰਿਫ਼ਤਾਰੀ ਨਾ ਕਰਨ ਕਾਰਨ ਇੱਕ ਇਮਾਨਦਾਰ ਐਸਐੱਸਪੀ ਨੂੰ ਮੁਅੱਤਲ ਕਰ ਦਿੱਤਾ ਗਿਆ। ਉਨ੍ਹਾਂ ਇਸਨੂੰ ਇੱਕ ਨੌਜਵਾਨ ਅਧਿਕਾਰੀ ਨਾਲ ਬੇਇਨਸਾਫ਼ੀ ਕਰਾਰ ਦਿੱਤਾ।

ਉਨ੍ਹਾਂ ਨੇ ਦੱਸਿਆ ਕਿ ਅਦਾਲਤ ਵੱਲੋਂ ਕੰਚਨਪ੍ਰੀਤ ਕੌਰ ਨੂੰ ਗ੍ਰਿਫ਼ਤਾਰੀ ਤੋਂ ਛੋਟ ਦਿੱਤੀ ਗਈ ਹੈ ਅਤੇ ਹੁਕਮ ਹੈ ਕਿ ਜੇਕਰ ਕੋਈ ਨਵਾਂ ਕੇਸ ਦਰਜ ਕੀਤਾ ਜਾਂਦਾ ਹੈ ਤਾਂ ਉਹਦੀ ਜਾਣਕਾਰੀ 7 ਦਿਨ ਪਹਿਲਾਂ ਦਿੱਤੀ ਜਾਵੇ।

ਵਲਟੋਹਾ ਨੇ ਆਮ ਆਦਮੀ ਪਾਰਟੀ ਉੱਤੇ ਗੰਭੀਰ ਦੋਸ਼ ਲਗਾਉਂਦੇ ਹੋਏ ਕਿਹਾ ਕਿ ਸੱਤਾ ਧਾਰੀ ਪਾਰਟੀ ਵੱਲੋਂ ਵਿਰੋਧੀਆਂ ਨੂੰ ਦਬਾਉਣ ਲਈ ਦਬਾਅ ਦੀ ਰਾਜਨੀਤੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਲੋਕਾਂ ਦਾ ਪ੍ਰਾਂਤ ਹੈ, ਜਿੱਥੇ ਪਿਆਰ ਅਤੇ ਸਤਿਕਾਰ ਨਾਲ ਕੰਮ ਹੁੰਦੇ ਹਨ, ਨਾ ਕਿ ਧੱਕੇ ਨਾਲ।

ਉਨ੍ਹਾਂ ਇਹ ਵੀ ਦੱਸਿਆ ਕਿ ਕੰਚਨਪ੍ਰੀਤ ਕੌਰ ਨੂੰ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਵਿਧਾਇਕ ਵਜੋਂ ਵੀ ਦੇਖਿਆ ਜਾ ਰਿਹਾ ਹੈ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਵੀ ਪਹਿਲਾਂ ਕਿਹਾ ਜਾ ਚੁੱਕਾ ਹੈ ਕਿ “ਕੰਚਨ ਹੁਣ ਇੱਕ ਨੇਤਾ ਬਣ ਚੁੱਕੀ ਹੈ।” ਉਨ੍ਹਾਂ ਮੁਤਾਬਕ, ਹੋਰ ਰਾਜਾਂ ਦੇ ਆਗੂਆਂ ਨੇ ਵੀ ਕੰਚਨਪ੍ਰੀਤ ਦੀ ਰਾਜਨੀਤਿਕ ਮਜ਼ਬੂਤੀ ਬਾਰੇ ਦਿਲਚਸਪੀ ਜਤਾਈ ਹੈ।

By Gurpreet Singh

Leave a Reply

Your email address will not be published. Required fields are marked *