ਰਾਤ ਭਰ ਚੱਲੀ ਸੁਣਵਾਈ; ਅਕਾਲੀ ਆਗੂ ਕੰਚਨਪ੍ਰੀਤ ਕੌਰ ਤੜਕਸਾਰ ਰਿਹਾਅ

ਨੈਸ਼ਨਲ ਟਾਈਮਜ਼ ਬਿਊਰੋ :- ਜ਼ਿਲ੍ਹਾ ਅਦਾਲਤ ਤਰਨਤਾਰਨ ਵਿੱਚ ਰਾਤ ਭਰ ਚੱਲੀਆਂ ਕਾਰਵਾਈਆਂ ਤੋਂ ਬਾਅਦ ਜੁਡੀਸ਼ੀਅਲ ਮੈਜਿਸਟਰੇਟ ਪੰਕਜ ਵਰਮਾ ਨੇ ਐਤਵਾਰ ਤੜਕੇ ਕੰਚਨਪ੍ਰੀਤ ਕੌਰ ਨੂੰ ਪੁਲੀਸ ਹਿਰਾਸਤ ਤੋਂ ਰਿਹਾਅ ਕਰਨ ਦਾ ਹੁਕਮ ਦਿੱਤਾ। ਸਵੇਰੇ 4 ਵਜੇ ਸੁਣਾਏ ਗਏ ਇਸ ਫ਼ੈਸਲੇ ਤੋਂ ਬਾਅਦ ਇਲਾਕੇ ਦੇ ਅਕਾਲੀ ਆਗੂਆਂ, ਜਿਨ੍ਹਾਂ ਵਿੱਚ ਵਿਰਸਾ ਸਿੰਘ ਵਲਟੋਹਾ ਵੀ ਸ਼ਾਮਲ ਸਨ, ਨਾਲ ਘਿਰੀ ਕੰਚਨਪ੍ਰੀਤ ਨੇ ਫ਼ੈਸਲੇ ‘ਤੇ ਆਪਣੀ ਖੁਸ਼ੀ ਅਤੇ ਨਿਆਂਪਾਲਿਕਾ ਵਿੱਚ ਵਿਸ਼ਵਾਸ ਪ੍ਰਗਟਾਇਆ।

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ‘ਤੇ ਪੁਲੀਸ ਨੂੰ ਸ਼ਨਿਚਰਵਾਰ ਨੂੰ ਕੰਚਨਪ੍ਰੀਤ ਨੂੰ ਨਿਆਂਇਕ ਹਿਰਾਸਤ ਵਿੱਚ ਸੌਂਪਣ ਦਾ ਹੁਕਮ ਦਿੱਤਾ ਗਿਆ ਸੀ ਅਤੇ ਉਨ੍ਹਾਂ ਨੂੰ ਬੀਤੀ ਰਾਤ 8 ਵਜੇ ਤੱਕ ਉਸ ਦੇ ਵਕੀਲਾਂ ਦੇ ਜ਼ਿਲ੍ਹਾ ਅਦਾਲਤ ਪਹੁੰਚਣ ਦੀ ਉਡੀਕ ਕਰਨ ਲਈ ਵੀ ਕਿਹਾ ਗਿਆ ਸੀ। ਇਸ ਦੌਰਾਨ ਰਾਜ ਸਰਕਾਰ ਨੇ ਵੀ ਐਡਵੋਕੇਟ ਜਨਰਲ ਦੇ ਦਫ਼ਤਰ ਤੋਂ ਆਪਣੇ ਵਕੀਲਾਂ ਲਈ ਇੱਕ ਅਰਜ਼ੀ ਜਮ੍ਹਾਂ ਕਰਾਈ ਅਤੇ ਦਲੀਲਾਂ ਬੀਤੀ ਰਾਤ 10 ਵਜੇ ਹੀ ਸ਼ੁਰੂ ਹੋ ਸਕੀਆਂ। ਕਾਰਵਾਈ ਅੱਧੀ ਰਾਤ ਨੂੰ ਲਗਪਗ 2 ਵਜੇ ਸਮਾਪਤ ਹੋਈ ਅਤੇ ਕੰਚਨਪ੍ਰੀਤ ਦੀ ਰਿਹਾਈ ਦਾ ਹੁਕਮ ਸਵੇਰੇ 4 ਵਜੇ ਪਾਸ ਕੀਤਾ ਗਿਆ।

ਅਕਾਲੀ ਆਗੂ ਇਸ ਗ੍ਰਿਫ਼ਤਾਰੀ ਦੀ ਨਿਖੇਧੀ ਕਰ ਰਹੇ ਹਨ, ਇਸ ਨੂੰ ਸਿਆਸੀ ਪ੍ਰੇਰਿਤ ਅਤੇ ਪੰਜਾਬੀਆਂ ਦੀ ਇੱਜ਼ਤ ‘ਤੇ ਹਮਲਾ ਕਰਾਰ ਦੇ ਰਹੇ ਹਨ। ਉਨ੍ਹਾਂ ਦਲੀਲ ਦਿੱਤੀ ਕਿ ਗ੍ਰਿਫ਼ਤਾਰੀ ਇੱਕ ਨਿਰਦੋਸ਼ ਔਰਤ ਨੂੰ ਨਿਸ਼ਾਨਾ ਬਣਾਉਣ ਵਾਲੀ ਬਦਲੇ ਦੀ ਕਾਰਵਾਈ ਸੀ।

ਇਸ ਮੌਕੇ ਸੰਬੋਧਨ ਕਰਦਿਆਂ ਸੀਨੀਅਰ ਅਕਾਲੀ ਆਗੂ ਅਰਸ਼ਦੀਪ ਕਲੇਰ ਨੇ ਕਿਹਾ ਕਿ ਮਾਮਲੇ ਦੀ ਸੁਣਵਾਈ ਤੋਂ ਪਹਿਲਾਂ ਮਾਣਯੋਗ ਸੁਪਰੀਮ ਮਾਣਯੋਗ ਸੁਪਰੀਮ ਕੋਰਟ ਨੇ ਕੰਚਨਪ੍ਰੀਤ ਨੂੰ ਪੁਲੀਸ ਕਸਟਡੀ ਤੋਂ ਮੈਜੀਸਟ੍ਰੇਟ ਦੀ ਕਸਟਡੀ ਵਿੱਚ ਸ਼ਿਫਟ ਕਰਨ ਦੇ ਹੁਕਮ ਦਿੱਤੇ ਸਨ। ਇਸ ਦੌਰਾਨ ਸਵੇਰੇ ਕਰੀਬ 4 ਵਜੇ ਮਿਲੀ ਰਿਹਾਈ ਤੋਂ ਬਾਅਦ ਬਾਹਰ ਆਉਂਦਿਆਂ ਕੰਚਨਪ੍ਰੀਤ ਕੌਰ ਨੇ ਵੀ ਮੀਡੀਆ ਨਾਲ ਗੱਲਬਾਤ ਕੀਤੀ ਅਤੇ ਪਾਰਟੀ ਵੱਲੋਂ ਦਿੱਤੇ ਸਾਥ ਲਈ ਧੰਨਵਾਦ ਕੀਤਾ।

ਜ਼ਿਕਰਯੋਗ ਹੈ ਕਿ ਕੰਚਨਪ੍ਰੀਤ ਕੌਰ ਨੂੰ ਝਬਾਲ ਥਾਣੇ ਦੀ ਪੁਲੀਸ ਨੇ ਗ੍ਰਿਫ਼ਤਾਰ ਕੀਤਾ ਸੀ। ਕੰਚਨਪ੍ਰੀਤ ਕੌਰ ਦੀ ਮਾਤਾ ਸੁਖਵਿੰਦਰ ਕੌਰ ਨੇ ਬਤੌਰ ਅਕਾਲੀ ਉਮੀਦਵਾਰ ਤਰਨ ਤਾਰਨ ਦੀ ਉਪ ਚੋਣ ਲੜੀ ਸੀ ਜਿਸ ’ਚ ਉਹ ਚੋਣ ਹਾਰ ਗਏ ਸਨ। ਵੇਰਵਿਆਂ ਅਨੁਸਾਰ ਕੰਚਨਪ੍ਰੀਤ ਕੌਰ ਅਦਾਲਤੀ ਹੁਕਮਾਂ ’ਤੇ ਸ਼ਨਿੱਚਰਵਾਰ ਨੂੰ ਥਾਣਾ ਮਜੀਠਾ ’ਚ ਦਰਜ ਇੱਕ ਮਾਮਲੇ ਨੂੰ ਲੈ ਕੇ ਪੁਲੀਸ ਤਫ਼ਤੀਸ਼ ’ਚ ਸ਼ਾਮਲ ਹੋਈ ਸੀ।

ਵੇਰਵਿਆਂ ਅਨੁਸਾਰ ਮਜੀਠਾ ਪੁਲੀਸ ਨੇ 12 ਨਵੰਬਰ ਨੂੰ ਦਰਜ ਕੇਸ ਦੇ ਸਬੰਧ ’ਚ ਕੰਚਨਪ੍ਰੀਤ ਕੌਰ ਤੋਂ ਕਈ ਘੰਟੇ ਪੁੱਛਗਿੱਛ ਕੀਤੀ ਅਤੇ ਉਸ ਮਗਰੋਂ ਹੀ ਝਬਾਲ ਪੁਲੀਸ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ। ਪਤਾ ਲੱਗਿਆ ਹੈ ਕਿ ਝਬਾਲ ਪੁਲੀਸ ਵੱਲੋਂ ਕੰਚਨਪ੍ਰੀਤ ਕੌਰ ਨੂੰ 11 ਨਵੰਬਰ ਨੂੰ ਦਰਜ ਇੱਕ ਕੇਸ ’ਚ ਨਾਮਜ਼ਦ ਕੀਤਾ ਗਿਆ ਹੈ ਜਿਸ ’ਚ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਹੁਣ ਤੱਕ ਕੰਚਨਪ੍ਰੀਤ ਕੌਰ ‘ਤੇ ਪੰਜ ਕੇਸ ਦਰਜ ਹੋ ਚੁੱਕੇ ਹਨ।

ਤਰਨ ਤਾਰਨ ਉਪ ਚੋਣ ਦੌਰਾਨ ਹੀ ਕੰਚਨਪ੍ਰੀਤ ਕੌਰ ਰੂਪੋਸ਼ ਹੋ ਗਈ ਸੀ। ਸੂਤਰ ਦੱਸਦੇ ਹਨ ਕਿ ਉਹ ਰੂਪੋਸ਼ੀ ਦੌਰਾਨ ਦਿੱਲੀ ਵਿਚ ਰਹੀ। ਚਰਚੇ ਰਹੇ ਸਨ ਕਿ ਕੰਚਨਪ੍ਰੀਤ ਕੌਰ ਨੇਪਾਲ ਰਸਤੇ ਵਿਦੇਸ਼ ਚਲੀ ਗਈ ਹੈ ਪ੍ਰੰਤੂ ਅੱਜ ਉਨ੍ਹਾਂ ਦੀ ਗ੍ਰਿਫ਼ਤਾਰੀ ਨੇ ਸਭ ਅਟਕਲਾਂ ਨੂੰ ਵਿਰਾਮ ਦੇ ਦਿੱਤਾ ਸੀ।

By Gurpreet Singh

Leave a Reply

Your email address will not be published. Required fields are marked *