ਤਰਨਤਾਰਨ 2 ਦਸੰਬਰ: ਜ਼ਿਲ੍ਹਾ ਤਰਨ ਤਾਰਨ ਵਿੱਚ ਹੋਈ ਜਿਮਣੀ ਚੋਣ ਦੇ ਚਲਦਿਆਂ ਬੀਤੇ ਦੋ ਮਹੀਨਿਆਂ ਦੌਰਾਨ ਜਿੱਥੇ ਕਈ ਪੁਲਿਸ ਕਰਮਚਾਰੀਆਂ ਨੂੰ ਚੋਣ ਕਮਿਸ਼ਨ ਅਤੇ ਡੀਜੀਪੀ ਦੇ ਹੁਕਮਾਂ ਉੱਪਰ ਦੂਸਰੇ ਜਿਲਿਆਂ ਵਿੱਚ ਭੇਜਿਆ ਗਿਆ ਸੀ ਉੱਥੇ ਹੀ ਕੁੱਝ ਨੂੰ ਮੁਅਤਲ ਵੀ ਕਰਨਾ ਪਿਆ। ਪੁਲਿਸ ਕਰਮਚਾਰੀਆਂ ਖਿਲਾਫ ਕੀਤੀ ਗਈ ਇਸ ਕਾਰਵਾਈ ਨੂੰ ਲੈ ਕੇ ਜ਼ਿਲ੍ਾ ਤਰਨ ਤਰਨ ਅੰਦਰ ਡਿਊਟੀ ਕਰਨ ਵਾਲੇ ਕਰਮਚਾਰੀਆਂ ਨੂੰ ਅੱਜ ਵੀ ਮੁਅੱਤਲ ਅਤੇ ਹੋਰ ਕਾਰਵਾਈ ਸਬੰਧੀ ਡਰ ਸਤਾਉਂਦਾ ਨਜ਼ਰ ਆ ਰਿਹਾ ਹੈ।
ਇਸ ਦੀ ਇੱਕ ਹੋਰ ਨਵੀਂ ਮਿਸਾਲ ਉਸ ਵੇਲੇ ਵੇਖਣ ਨੂੰ ਮਿਲੀ ਜਦੋਂ ਡੀਆਈਜੀ ਫਿਰੋਜ਼ਪੁਰ ਰੇਂਜ ਹਰਮਨਬੀਰ ਸਿੰਘ ਗਿੱਲ ਦਾ ਤਬਾਦਲਾ ਗ੍ਰਹਿ ਵਿਭਾਗ ਵੱਲੋਂ ਮੰਗਲਵਾਰ ਕਰਦੇ ਹੋਏ ਉਨ੍ਹਾਂ ਨੂੰ ਪੀਏਪੀ ਜਲੰਧਰ ਭੇਜ ਦਿੱਤਾ ਗਿਆ ਹੈ। ਜ਼ਿਲ੍ਹਾ ਪਰਿਸ਼ਦ ਚੋਣਾਂ ਦੌਰਾਨ ਲੱਗੇ ਚੋਣ ਜਾਬਤੇ ਵਿੱਚ ਕੀਤੀ ਗਈ ਇਸ ਬਦਲੀ ਨੂੰ ਵੱਡੀ ਕਾਰਵਾਈ ਮੰਨਿਆ ਜਾ ਰਿਹਾ ਹੈ।
ਗ੍ਰਹਿ ਵਿਭਾਗ ਵੱਲੋਂ ਜਾਰੀ ਕੀਤੇ ਗਏ ਆਦੇਸ਼ਾਂ ਵਿੱਚ ਸਾਫ ਤੌਰ ਉੱਪਰ ਲਿਖਿਆ ਗਿਆ ਹੈ ਕਿ ਹਰਮਨ ਬੀਰ ਸਿੰਘ ਗਿੱਲ ਦੀ ਜਗ੍ਹਾ ਹੁਣ ਫਿਰੋਜ਼ਪੁਰ ਰੇਂਜ ਦਾ ਸਾਰਾ ਕੰਮ ਡੀਸੀਪੀ ਲੁਧਿਆਣਾ (ਸਥਾਨਕ) ਸਨੇਹਦੀਪ ਸ਼ਰਮਾ ਆਈਪੀਐਸ ਨੂੰ ਦਿੱਤਾ ਗਿਆ ਹੈ। ਹਰਮਨ ਵੀਰ ਸਿੰਘ ਦੇ ਤਬਾਦਲੇ ਨੂੰ ਲੈ ਕੇ ਜਾਰੀ ਹੋਏ ਇਨ੍ਹਾਂ ਹੁਕਮਾਂ ਪਿੱਛੇ ਵੀ ਕੰਚਨਪ੍ਰੀਤ ਕੌਰ ਕੇਸ ਵਿੱਚ ਤਸੱਲੀ ਬਖਸ਼ ਜਵਾਬ ਨਾ ਦੇਣਾ ਜਾਂ ਫਿਰ ਹੋਰ ਸਖਤ ਕਾਰਵਾਈ ਨਾ ਕੀਤੇ ਜਾਣਾ ਝਲਕਦਾ ਨਜ਼ਰ ਆ ਰਿਹਾ ਹੈ। ਜ਼ਿਕਰ ਯੋਗ ਹੈ ਕਿ ਹੋਈ ਜਿਮਨੀ ਚੋਣ ਦੇ ਚਲਦਿਆਂ ਅਤੇ ਕੰਚਨਪ੍ਰੀਤ ਕੌਰ ਮਾਮਲੇ ਵਿੱਚ ਜਿਲਾ ਤਰਨ ਤਾਰਨ ਅੰਦਰ ਐਸਐਸਪੀ ਰਵਜੋਤ ਗਰੇਵਾਲ ਸਮੇਤ 2 ਡੀਐਸਪੀ ਮੁਅਤਲ ਕੀਤੇ ਜਾ ਚੁੱਕੇ ਹਨ। ਜਦਕਿ ਪਹਿਲਾਂ ਕਈ ਕਰਮਚਾਰੀਆਂ ਨੂੰ ਜ਼ਿਲ੍ਹੇ ਤੋਂ ਬਾਹਰ ਵੀ ਭੇਜਿਆ ਜਾ ਚੁੱਕਾ ਹੈ।
