ਨੈਸ਼ਨਲ ਟਾਈਮਜ਼ ਬਿਊਰੋ :- ਫਰੀਦਕੋਟ ਦੇ ਨਗਰ ਕੌਂਸਲ ਅਧੀਨ ਕੰਮ ਕਰ ਰਹੇ ਪੱਕੇ ਅਤੇ ਕੱਚੇ ਸਫਾਈ ਕਰਮਚਾਰੀਆਂ ਵੱਲੋਂ ਅੱਜ ਨਗਰ ਕੌਂਸਲ ਦਫਤਰ ਦੇ ਬਾਹਰ ਧਰਨਾ ਲਗਾ ਕੇ ਹੜਤਾਲ ਸ਼ੁਰੂ ਕਰ ਦਿੱਤੀ ਗਈ। ਦੱਸ ਦਈਏ ਕਿ ਪਿਛਲੇ ਲੰਬੇ ਸਮੇਂ ਤੋਂ ਹਰ ਮਹੀਨੇ ਤਨਖਾਹ ਸਮੇਂ ਸਿਰ ਨਾ ਮਿਲਣ ਦੇ ਰੋਸ ਵਜੋਂ ਨਗਰ ਕੌਂਸਲ ਦੇ ਸਫਾਈ ਕਰਮਚਾਰੀ ਆਪਣਾ ਗੁੱਸਾ ਜ਼ਾਹਿਰ ਕਰਦੇ ਰਹੇ ਹਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਹਰ ਮਹੀਨੇ ਸਾਨੂੰ ਤਨਖਾਹ ਲੈਣ ਲਈ ਹੜਤਾਲ ਜਾਂ ਧਰਨਾ ਲਗਾਉਣਾ ਪੈਂਦਾ ਹੈ ਪਰ ਸਰਕਾਰ ਕਦੀ ਵੀ ਕੋਈ ਇਸਦਾ ਪੱਕਾ ਪ੍ਰਬੰਧ ਨਹੀਂ ਕਰਦੀ ਤਾਂ ਜੋ ਸਾਨੂੰ ਸਮੇਂ ਸਿਰ ਤਨਖਾਹ ਮਿਲੇ।
ਉਨ੍ਹਾਂ ਨੇ ਕਿਹਾ ਕਿ ਸਾਡੇ ਪਰਿਵਾਰਾਂ ਦੇ ਗੁਜ਼ਾਰੇ ਇਸ ਤਨਖਾਹ ਦੇ ਸਿਰ ਉਤੇ ਚੱਲਦੇ ਹਨ ਅਤੇ ਆਪਣੇ ਬੱਚਿਆਂ ਦੀ ਪੜ੍ਹਾਈ ਦੇ ਚੱਲਦੇ ਉਨ੍ਹਾਂ ਦੀਆਂ ਫੀਸਾਂ ਅਤੇ ਸਰਦ ਰੁਤ ਦੇ ਕੱਪੜੇ ਆਦੀ ਲੈਣ ਲਈ ਸਾਨੂੰ ਕਾਫੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਪਰ ਪ੍ਰਸ਼ਾਸਨ ਨੂੰ ਅਸੀਂ ਲਗਾਤਾਰ ਅਪੀਲ ਕਰਦੇ ਰਹਿੰਦੇ ਹਾਂ ਕਿ ਸਾਡੀ ਤਨਖਾਹ ਜਿਹੜੀ ਹਰ ਮਹੀਨੇ ਸਮੇਂ ਸਿਰ ਸਾਡੇ ਖਾਤਿਆਂ ਵਿੱਚ ਪਾਈ ਜਾਵੇ। ਹਾਲਾਂਕਿ ਸਾਡੀਆਂ ਹੋਰ ਵੀ ਕਈ ਮੰਗਾਂ ਹਨ ਪਰ ਸਾਡੀ ਮੁੱਖ ਤੌਰ ਉਤੇ ਇਸ ਮੰਗ ਦਾ ਹੱਲ ਪੱਕੇ ਤੌਰ ਉਤੇ ਕੀਤਾ ਜਾਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਕੱਲ੍ਹ ਇਲੈਕਸ਼ਨ ਦੀ ਗਿਣਤੀ ਸਮੇਂ ਅਸੀਂ ਹੜਤਾਲ ਕੀਤੀ ਸੀ ਪਰ ਪ੍ਰਸ਼ਾਸਨ ਵੱਲੋਂ ਭਰੋਸਾ ਦਿੱਤਾ ਗਿਆ ਸੀ ਕਿ 12 ਵਜੇ ਦੇ ਕਰੀਬ ਉਨ੍ਹਾਂ ਦੀ ਤਨਖਾਹ ਖਾਤੇ ਵਿੱਚ ਪੈ ਜਾਏਗੀ ਪਰ ਅੱਜ ਦੂਸਰਾ ਦਿਨ ਲੰਘਣ ਦੇ ਬਾਵਜੂਦ ਵੀ ਉਨ੍ਹਾਂ ਦੀ ਤਨਖਾਹ ਹਾਲੇ ਤੱਕ ਵਿੱਚ ਨਹੀਂ ਪਾਈ ਗਈ। ਉਨ੍ਹਾਂ ਨੇ ਕਿਹਾ ਕਿ ਜੇਕਰ ਸਮੇ ਸਿਰ ਸਾਡੀ ਤਨਖਾਹ ਨਹੀਂ ਮਿਲਦੀ ਤਾਂ ਅਸੀਂ ਪੱਕੇ ਤੌਰ ਉਤੇ ਆਪਣੀ ਹੜਤਾਲ ਸ਼ੁਰੂ ਕਰਕੇ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕਰਾਂਗੇ ਜਿਹੜੀ ਸਾਡੀ ਹੜਤਾਲ ਪੰਜਾਬ ਪੱਧਰ ਉਤੇ ਹੋਵੇਗੀ।
