ਸੱਟਡੀ ਵੀਜ਼ਾ ਰਿਫਿਊਜ਼ ਹੋਣ ਤੋਂ ਪਰੇਸ਼ਾਨ ਨੌਜਵਾਨ ਨੇ ਚੁੱਕਿਆ ਖੌਫਨਾਕ ਕਦਮ

ਨੈਸ਼ਨਲ ਟਾਈਮਜ਼ ਬਿਊਰੋ :- ਸੁਨਾਮ ਦੇ ਪਿੰਡ ਹੰਬਲਵਾਸ ਜਖੇਪਲ ਤੋਂ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਆਰਥਿਕ ਤੰਗੀ ਅਤੇ ਵਿਦੇਸ਼ ਜਾਣ ਦੇ ਆਪਣੇ ਸੁਪਨੇ ਦੇ ਟੁੱਟਣ ਤੋਂ ਪਰੇਸ਼ਾਨ 23 ਸਾਲਾ ਨੌਜਵਾਨ ਨੇ ਕੋਈ ਜ਼ਹਿਰੀਲੀ ਚੀਜ਼ ਨਿਗਲ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਨੌਜਵਾਨ ਹਰਵੀਰ ਸਿੰਘ ਮਾਪਿਆਂ ਦਾ ਇਕਲੌਤਾ ਪੁੱਤ ਸੀ।

ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕ ਹਰਵੀਰ ਸਿੰਘ (23), ਪੁੱਤਰ ਜੱਗਾ ਸਿੰਘ ਵਾਸੀ ਹੰਬਲਵਾਸ ਜਖੇਪਲ 12ਵੀਂ ਜਮਾਤ ਪੂਰੀ ਕਰਨ ਤੋਂ ਬਾਅਦ ਵਿਦੇਸ਼ ਜਾਣ ਦੀ ਤਿਆਰੀ ਕਰ ਰਿਹਾ ਸੀ। ਉਸਨੇ ਵੀਜ਼ਾ ਲਈ ਅਰਜ਼ੀ ਦਿੱਤੀ ਸੀ, ਪਰ ਉਸਦੀ ਅਰਜ਼ੀ ਰਿਫਿਊਜ਼ ਹੋ ਗਈ ਸੀ। ਹਰਵੀਰ ਦੁਬਾਰਾ ਫਾਈਲ ਲਗਾਉਣਾ ਚਾਹੁੰਦਾ ਸੀ, ਪਰ ਪਰਿਵਾਰ ਦੀ ਆਰਥਿਕ ਹਾਲਤ ਮਾੜੀ ਹੋਣ ਕਾਰਨ ਉਹ ਮਾਨਸਿਕ ਤੌਰ ‘ਤੇ ਪਰੇਸ਼ਾਨ ਰਹਿਣ ਲੱਗਾ।

ਪਰਿਵਾਰਕ ਮੈਂਬਰਾਂ ਅਨੁਸਾਰ ਇਸ ਪ੍ਰੇਸ਼ਾਨੀ ਕਾਰਨ ਹਰਵੀਰ ਨੇ ਕੋਈ ਜ਼ਹਿਰੀਲੀ ਚੀਜ਼ ਖਾ ਲਈ। ਉਸਦੀ ਹਾਲਤ ਵਿਗੜਦੀ ਦੇਖ ਕੇ ਉਸਨੂੰ ਤੁਰੰਤ ਸੁਨਾਮ ਦੇ ਇੱਕ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸਨੂੰ ਬਚਾਉਣ ਦੀ ਬਹੁਤ ਕੋਸ਼ਿਸ਼ ਕੀਤੀ, ਪਰ ਇਲਾਜ ਦੌਰਾਨ ਉਸਦੀ ਮੌਤ ਹੋ ਗਈ।

By Gurpreet Singh

Leave a Reply

Your email address will not be published. Required fields are marked *