ਅੰਮ੍ਰਿਤਸਰ- ਅੰਮ੍ਰਿਤਸਰ ‘ਚ ਵੱਡੀ ਵਾਰਦਾਤ ਵਾਪਰੀ ਹੈ ਜਿਥੇ ਤਰਨਤਾਰਨ ਦੇ ਆਮ ਆਦਮੀ ਪਾਰਟੀ ਦੇ ਇੱਕ ਸਰਪੰਚ ਦੀ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਇਸ ਮੰਦਭਾਗੀ ਘਟਨਾ ਨੇ ਪੂਰੇ ਇਲਾਕੇ ਨੂੰ ਹਿਲਾ ਕੇ ਰੱਖ ਦਿੱਤਾ ਹੈ ਅਤੇ ਇਲਾਕੇ ਵਿੱਚ ਸਹਿਮ ਦਾ ਮਾਹੌਲ ਵੇਖਣ ਨੂੰ ਮਿਲ ਰਿਹਾ ਹੈ । ਜਾਣਕਾਰੀ ਮੁਤਾਬਕ ਸਰਪੰਚ ਜਰਮਲ ਸਿੰਘ ਅੰਮ੍ਰਿਤਸਰ ਵਿਖੇ ਇਕ ਵਿਆਹ ਸਮਾਗਮ ਵਿੱਚ ਸ਼ਾਮਲ ਹੋਣ ਲਈ ਆਏ ਸਨ। ਇਸ ਦੌਰਾਨ ਬਦਮਾਸ਼ਾਂ ਨੇ ਮੈਰਿਜ ਪੈਲੇਸ ਵਿੱਚ ਆ ਕੇ ਅਚਾਨਕ ਫਾਇਰਿੰਗ ਸ਼ੁਰੂ ਕਰ ਦਿੱਤੀ। ਬਦਮਾਸ਼ਾਂ ਨੇ ਸਰਪੰਚ ਦੇ ਸਿਰ ਵਿੱਚ ਗੋਲੀਆਂ ਮਾਰੀਆਂ। ਗੋਲੀ ਲੱਗਣ ਕਾਰਨ ਸਰਪੰਚ ਜਰਮਲ ਸਿੰਘ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਉਨ੍ਹਾਂ ਨੂੰ ਗੰਭੀਰ ਹਾਲਤ ਵਿੱਚ ਤੁਰੰਤ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੇ ਇਲਾਜ ਦੌਰਾਨ ਉਨ੍ਹਾਂ ਨੇ ਦਮ ਤੋੜ ਦਿੱਤਾ।
ਮ੍ਰਿਤਕ ਸਰਪੰਚ ਜਰਮਲ ਸਿੰਘ ਤਰਨਤਾਰਨ ਜ਼ਿਲ੍ਹੇ ਦੇ ਵਲਟੋਹਾ ਪਿੰਡ ਦੇ ਰਹਿਣ ਵਾਲੇ ਸਨ ਅਤੇ ਮੌਜੂਦਾ ਸਰਪੰਚ ਸਨ। ਪੁਲਸ ਜਾਂਚ ਦੇ ਅਨੁਸਾਰ, ਉਨ੍ਹਾਂ ‘ਤੇ ਪਹਿਲਾਂ ਵੀ 3 ਵਾਰ ਹਮਲਾ ਹੋ ਚੁੱਕਾ ਸੀ। ਫਾਇਰਿੰਗ ਦੀ ਸੂਚਨਾ ਮਿਲਣ ‘ਤੇ ਪੁਲਸ ਪੈਲੇਸ ਪਹੁੰਚੀ ਅਤੇ ਪੂਰੇ ਪੈਲੇਸ ਨੂੰ ਘੇਰ ਕੇ ਜਾਂਚ ਕੀਤੀ ਜਾ ਰਹੀ ਹੈ। ਪੁਲਸ ਵਿਆਹ ਸਮਾਗਮ ਵਿੱਚ ਆਏ ਲੋਕਾਂ ਤੋਂ ਵੀ ਪੁੱਛਗਿੱਛ ਕਰ ਰਹੀ ਹੈ।ਪੁਲਸ ਨੂੰ ਸ਼ੱਕ ਹੈ ਕਿ ਸਰਪੰਚ ਦੀ ਰੈਕੀ ਕੀਤੀ ਜਾ ਰਹੀ ਸੀ। ਪੁਲਸ ਆਸ-ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵੀ ਖੰਗਾਲ ਰਹੀ ਹੈ। ਫਿਲਹਾਲ ਹਮਲੇ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ, ਪਰ ਪੁਲਸ ਹਰ ਪਹਿਲੂ ਤੋਂ ਮਾਮਲੇ ਦੀ ਜਾਂਚ ਕਰ ਰਹੀ ਹੈ।

