ਪੁਲਿਸ ਨੇ 2 ਆਰੋਪੀਆਂ ਨੂੰ ਕੀਤਾ ਗ੍ਰਿਫ਼ਤਾਰ , ਚਿੱਟੇ ਡਰੱਮ ‘ਚੋਂ ਮਿਲੀ ਸੀ ਨੌਜਵਾਨ ਦੀ ਲਾਸ਼

ਨੈਸ਼ਨਲ ਟਾਈਮਜ਼ ਬਿਊਰੋ :- ਲੁਧਿਆਣਾ ‘ਚ ਨੌਜਵਾਨ ਦੇ ਕਤਲ ਮਾਮਲੇ ‘ਚ ਪੁਲਿਸ ਨੇ 2 ਆਰੋਪੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਸੂਤਰਾਂ ਮੁਤਾਬਕ ਪ੍ਰੇਮ ਸਬੰਧਾਂ ਦਾ ਮਾਮਲਾ ਦੱਸਿਆ ਜਾ ਰਿਹਾ ਹੈ। ਪੁਲਿਸ ਨੇ ਇਸ ਮਾਮਲੇ ‘ਚ ਔਰਤ ਸਮੇਤ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਬੀਤੇ ਦਿਨੀਂ ਖਾਲੀ ਪਲਾਟ ‘ਚੋਂ  ਨੌਜਵਾਨ ਦੀ ਕਈ ਟੁੱਕੜਿਆਂ ‘ਚ ਕੱਟੀ ਲਾਸ਼ ਮਿਲੀ ਸੀ। ਪੁਲਿਸ ਅੱਜ ਇਸ ਮਾਮਲੇ ‘ਚ ਪ੍ਰੈਸ ਕਾਨਫਰੰਸ ਕਰਕੇ ਵੱਡੇ ਖੁਲਾਸੇ ਕਰ ਸਕਦੀ ਹੈ।  

ਜਾਣਕਾਰੀ ਅਨੁਸਾਰ ਲੁਧਿਆਣਾ ਦੇ ਜਲੰਧਰ ਬਾਈਪਾਸ ਨੇੜੇ ਪੈਂਦੇ ਸਲੇਮ ਟਾਬਰੀ ਪੁਲਿਸ ਸਟੇਸ਼ਨ ਦੇ ਅਧੀਨ ਆਉਂਦੇ ਇਲਾਕੇ ‘ਚ ਵੀਰਵਾਰ ਨੂੰ ਇੱਕ ਵਿਅਕਤੀ ਦੀ ਲਾਸ਼ ਬਰਾਮਦ ਹੋਈ ਸੀ। ਇਹ ਲਾਸ਼ ਖਾਲੀ ਪਲਾਟ ਵਿੱਚ ਇੱਕ ਡਰੱਮ ਵਿੱਚ ਟੁਕੜਿਆਂ ਵਿੱਚ ਕੱਟ ਕੇ ਰੱਖੀ ਹੋਈ ਸੀ। ਇੱਕ ਰਾਹਗੀਰ ਨੇ ਲਾਸ਼ ਵੇਖੀ ਅਤੇ ਤੁਰੰਤ ਸ਼ੋਰ ਮਚਾਇਆ ਅਤੇ ਪੁਲਿਸ ਨੂੰ ਸੂਚਿਤ ਕੀਤਾ। ਮੌਕੇ ਤੇ ਪਹੁੰਚੀ ਪੁਲਿਸ ਵੱਲੋਂ ਲਾਸ਼ ਨੂੰ ਕਬਜੇ ਵਿੱਚ ਲੈ ਕੇ ਤਫਤੀਸ਼ ਕੀਤੀ ਜਾ ਰਹੀ ਹੈ। ਮ੍ਰਿਤਕ ਦੀ ਅੱਧੀ ਲਾਸ਼ ਸੜੀ ਹੋਈ ਸੀ ਅਤੇ ਬਾਕੀ ਅੱਧੀ ਚਿੱਟੇ ਡਰੱਮ ਵਿੱਚ ਪਾਈ ਹੋਈ ਸੀ।  

ਦੋਸਤ ‘ਤੇ ਕਤਲ ਦਾ ਸ਼ੱਕ

ਮ੍ਰਿਤਕ ਦੀ ਪਛਾਣ 30 ਸਾਲਾ ਦਵਿੰਦਰ ਵਜੋਂ ਹੋਈ ਹੈ, ਜੋ ਕਿ ਲੁਧਿਆਣਾ ਦੀ ਭਾਰਤੀ ਕਲੋਨੀ ਦਾ ਰਹਿਣ ਵਾਲਾ ਹੈ। ਮੁੰਬਈ ਤੋਂ ਵਾਪਸ ਆਉਣ ਤੋਂ ਬਾਅਦ ਉਹ ਸਿਰਫ 15 ਮਿੰਟ ਆਪਣੇ ਘਰ ਰਿਹਾ ਅਤੇ ਫਿਰ ਚਲਾ ਗਿਆ। ਜਿਸ ਮਗਰੋਂ ਉਸਦੀ ਲਾਸ਼ ਇੱਕ ਖਾਲੀ ਪਲਾਟ ਵਿੱਚ ਤਿੰਨ ਹਿੱਸਿਆਂ ਵਿੱਚ ਮਿਲੀ। ਸ਼ੁਰੂਆਤੀ ਪੁਲਿਸ ਜਾਂਚ ਵਿੱਚ ਮ੍ਰਿਤਕ ਦੇ ਦੋਸਤ ਸ਼ੇਰਾ ‘ਤੇ ਕਤਲ ਦਾ ਸ਼ੱਕ ਹੈ। ਸ਼ੇਰਾ ਉਸਦੇ ਘਰ ਦੇ ਨੇੜੇ ਇੱਕ ਗਲੀ ਵਿੱਚ ਰਹਿੰਦਾ ਹੈ। ਘਟਨਾ ਸਥਾਨ ਤੋਂ ਸੀਸੀਟੀਵੀ ਫੁਟੇਜ ਵਿੱਚ ਸ਼ੇਰਾ ਆਪਣੇ ਦੋਸਤ ਨਾਲ ਬਾਈਕ ‘ਤੇ ਡਰੱਮ ਲੈ ਕੇ ਜਾਂਦੇ ਦਿਖਾਈ ਦੇ ਰਹੇ ਹਨ।

By Gurpreet Singh

Leave a Reply

Your email address will not be published. Required fields are marked *