ਭਾਰਤੀ ਕਾਨੂੰਨ ਅੱਗੇ ਝੁਕਿਆ ”X”, ਗ਼ਲਤੀ ਮੰਨ ਕੇ ਲੈ ਲਿਆ ਵੱਡਾ ਐਕਸ਼ਨ

ਨੈਸ਼ਨਲ ਟਾਈਮਜ਼ ਬਿਊਰੋ :- ਭਾਰਤ ਸਰਕਾਰ ਦੇ ਸੂਚਨਾ ਤਕਨਾਲੋਜੀ ਮੰਤਰਾਲੇ ਵੱਲੋਂ ਦਿੱਤੀ ਗਈ ਸਖ਼ਤ ਚਿਤਾਵਨੀ ਤੋਂ ਬਾਅਦ, ਸੋਸ਼ਲ ਮੀਡੀਆ ਪਲੇਟਫਾਰਮ ‘X’ (ਪਹਿਲਾਂ ਟਵਿੱਟਰ) ਨੇ ਆਪਣੀ ਗਲਤੀ ਸਵੀਕਾਰ ਕਰ ਲਈ ਹੈ। ਇਹ ਮਾਮਲਾ ਐਲਨ ਮਸਕ ਦੇ ‘Grok AI’ ਰਾਹੀਂ ਅਸ਼ਲੀਲ ਸਮੱਗਰੀ ਤਿਆਰ ਕੀਤੇ ਜਾਣ ਨਾਲ ਸਬੰਧਤ ਸੀ, ਜਿਸ ‘ਤੇ ਹੁਣ ਕੰਪਨੀ ਨੇ ਭਾਰਤੀ ਕਾਨੂੰਨਾਂ ਦੀ ਪਾਲਣਾ ਕਰਨ ਦਾ ਭਰੋਸਾ ਦਿੱਤਾ ਹੈ।

600 ਤੋਂ ਵੱਧ ਖਾਤੇ ਕੀਤੇ ਗਏ ਬੰਦ

ਸਰਕਾਰੀ ਸੂਤਰਾਂ ਅਨੁਸਾਰ, ਇਸ ਕਾਰਵਾਈ ਦੇ ਤਹਿਤ ਹੁਣ ਤੱਕ ਲਗਭਗ 3,500 ਇਤਰਾਜ਼ਯੋਗ ਸਮੱਗਰੀ (ਕੰਟੈਂਟ) ਨੂੰ ਬਲਾਕ ਕੀਤਾ ਗਿਆ ਹੈ ਅਤੇ 600 ਤੋਂ ਵੱਧ ਖਾਤਿਆਂ ਨੂੰ ਪਲੇਟਫਾਰਮ ਤੋਂ ਹਟਾ ਦਿੱਤਾ ਗਿਆ ਹੈ। ‘X’ ਨੇ ਸਪੱਸ਼ਟ ਕੀਤਾ ਹੈ ਕਿ ਭਵਿੱਖ ‘ਚ ਉਨ੍ਹਾਂ ਦੇ ਮੰਚ ‘ਤੇ ਅਸ਼ਲੀਲ ਤਸਵੀਰਾਂ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।

ਸਰਕਾਰ ਨੇ ਦਿੱਤੀ ਸੀ ਸਖ਼ਤ ਚਿਤਾਵਨੀ

ਜ਼ਿਕਰਯੋਗ ਹੈ ਕਿ 2 ਜਨਵਰੀ ਨੂੰ ਸੂਚਨਾ ਤਕਨਾਲੋਜੀ ਮੰਤਰਾਲੇ ਨੇ ‘Grok’ ਅਤੇ ਹੋਰ AI ਸਾਧਨਾਂ ਰਾਹੀਂ ਫੈਲਾਈ ਜਾ ਰਹੀ ਅਸ਼ਲੀਲ ਅਤੇ ਜਿਨਸੀ ਸਮੱਗਰੀ ਨੂੰ ਲੈ ਕੇ ‘X’ ਨੂੰ ਸਖ਼ਤ ਚਿਤਾਵਨੀ ਜਾਰੀ ਕੀਤੀ ਸੀ। ਇਸ ਤੋਂ ਪਹਿਲਾਂ ‘X’ ਵੱਲੋਂ ਦਿੱਤੇ ਗਏ ਜਵਾਬਾਂ ਨੂੰ ਸਰਕਾਰ ਨੇ ਨਾਕਾਫ਼ੀ ਮੰਨਿਆ ਸੀ, ਕਿਉਂਕਿ ਉਨ੍ਹਾਂ ‘ਚ ਭਵਿੱਖ ਦੀ ਰੋਕਥਾਮ ਲਈ ਕੋਈ ਠੋਸ ਜਾਣਕਾਰੀ ਨਹੀਂ ਸੀ।

ਗੈਰ-ਕਾਨੂੰਨੀ ਸਮੱਗਰੀ ਵਿਰੁੱਧ ਸਖ਼ਤ ਰੁਖ

ਐਲਨ ਮਸਕ ਦੇ ਇਸ ਪਲੇਟਫਾਰਮ ਨੇ ਹੁਣ ਆਪਣਾ ਰੁਖ ਸਪੱਸ਼ਟ ਕਰਦਿਆਂ ਕਿਹਾ ਹੈ ਕਿ ਜੋ ਕੋਈ ਵੀ Grok AI ਦੀ ਵਰਤੋਂ ਕਰਕੇ ਗੈਰ-ਕਾਨੂੰਨੀ ਸਮੱਗਰੀ ਤਿਆਰ ਕਰੇਗਾ, ਉਸ ਨੂੰ ਉਹੀ ਨਤੀਜੇ ਭੁਗਤਣੇ ਪੈਣਗੇ ਜੋ ਗੈਰ-ਕਾਨੂੰਨੀ ਸਮੱਗਰੀ ਅਪਲੋਡ ਕਰਨ ਵਾਲਿਆਂ ਨੂੰ ਭੁਗਤਣੇ ਪੈਂਦੇ ਹਨ। ਕੰਪਨੀ ਨੇ ਇਹ ਵੀ ਕਿਹਾ ਕਿ ਉਹ ਬਾਲ ਜਿਨਸੀ ਸ਼ੋਸ਼ਣ ਸਮੱਗਰੀ (CSAM) ਵਰਗੇ ਗੰਭੀਰ ਮਾਮਲਿਆਂ ਵਿਰੁੱਧ ਸਥਾਨਕ ਸਰਕਾਰਾਂ ਅਤੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨਾਲ ਮਿਲ ਕੇ ਕੰਮ ਕਰ ਰਹੀ ਹੈ।

By Rajeev Sharma

Leave a Reply

Your email address will not be published. Required fields are marked *