ਪੰਜਾਬ : ਸੁੱਤੇ ਪਏ ਮੁੰਡੇ ਤੇ ਵਰ੍ਹਾ ਤਾ ਗੋਲ਼ੀਆਂ ਦਾ ਮੀਂਹ, ਪੁਲਸ ਮੁਲਾਜ਼ਮ ਦੇ ਘਰ ‘ਚ ਵੜ ਕੇ ਕਰ ਗਏ ਵੱਡਾ ਕਾਂਡ

ਨੈਸ਼ਨਲ ਟਾਈਮਜ਼ ਬਿਊਰੋ :- ਬਰਨਾਲਾ ‘ਚ ਯੂਨੀਵਰਸਿਟੀ ਕਾਲਜ ਨੇੜੇ ਸੰਧੂ ਪੱਤੀ ਇਲਾਕੇ ‘ਚ ਖ਼ੌਫ਼ਨਾਕ ਵਾਰਦਾਤ ਹੋਈ ਹੈ। ਇੱਥੇ ਕੁਝ ਹਮਲਾਵਰ ਇਕ ਵਿਧਵਾ ਮਹਿਲਾ ਪੁਲਸ ਮੁਲਾਜ਼ਮ ਦੇ ਘਰ ‘ਚ ਵੜੇ ਅਤੇ ਉਸ ਦੇ ਸੁੱਤੇ ਪਏ ਪੁੱਤਰ ‘ਤੇ ਗੋਲ਼ੀਆਂ ਵਰ੍ਹਾ ਦਿੱਤੀਆਂ। ਹੋਰ ਤਾਂ ਹੋਰ ਜਦੋਂ ਜ਼ਖ਼ਮੀ ਮੁੰਡੇ ਦਾ ਚਾਚਾ ਉਸ ਨੂੰ ਹਸਪਤਾਲ ਲਿਜਾ ਰਿਹਾ ਸੀ ਤਾਂ ਹਮਲਾਵਰਾਂ ਨੇ ਉਸ ‘ਤੇ ਵੀ ਗੋਲ਼ੀਆਂ ਵਰ੍ਹਾ ਦਿੱਤੀਆਂ। ਇਸ ਦੌਰਾਨ ਦੋ ਹੋਰ ਲੋਕ ਵੀ ਗੋਲ਼ੀਆਂ ਲੱਗਣ ਨਾਲ ਜ਼ਖ਼ਮੀ ਹੋਏ ਹਨ।

ਸਰਕਾਰੀ ਹਸਪਤਾਲ ਵਿਚ ਰੋਂਦਿਆਂ ਹੋਇਆਂ ਪੀੜਤ ਮਾਂ ਸਰਬਜੀਤ ਕੌਰ ਨੇ ਦੱਸਿਆ ਕਿ ਉਹ ਪੰਜਾਬ ਪੁਲਸ ਵਿਚ ਹੋਮਗਾਰਡ ਮੁਲਾਜ਼ਮ ਹੈ। ਉਸ ਨੇ ਦੱਸਿਆ ਕਿ ਬੀਤੀ ਰਾਤ ਜਦੋਂ ਉਹ ਆਪਣੇ ਘਰ ਵਿਚ ਸੋ ਰਹੇ ਸੀ ਤਾਂ ਤਿੰਨ ਨੌਜਵਾਨ ਉਸ ਦੇ ਘਰ ਦਾ ਬਾਹਰੀ ਗੇਟ ਤੋੜ ਕੇ ਅੰਦਰ ਵੜੇ ਤੇ ਕਮਰੇ ਵਿਚ ਸੁੱਤੇ ਹੋਏ ਉਸ ਦੇ ਪੁੱਤਰ ‘ਤੇ ਗੋਲ਼ੀਆਂ ਵਰ੍ਹਾ ਦਿੱਤੀਆਂ। ਇਸ ਦੌਰਾਨ ਉਸ ਦਾ 22 ਸਾਲਾ ਪੁੱਤਰ ਆਕਾਸ਼ਦੀਪ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਿਆ। ਜਦੋਂ ਆਕਾਸ਼ਦੀਪ ਦਾ ਚਾਚਾ ਉਸ ਨੂੰ ਹਸਪਤਾਲ ਲਿਜਾਉਣ ਲੱਗਿਆ ਤਾਂ ਬਦਮਾਸ਼ਾਂ ਨੇ ਰਾਹ ਵਿਚ ਉਨ੍ਹਾਂ ਦੋਹਾਂ ਨੂੰ ਘੇਰ ਲਿਆ ਤੇ ਫ਼ਿਰ ਫ਼ਾਇਰਿੰਗ ਕਰ ਦਿੱਤੀ। ਉਸ ਦੌਰਾਨ ਆਕਾਸ਼ਦੀਪ ਦੇ ਚਾਚਾ ਮੱਖਣ ਸਿੰਘ ਦੇ ਹੱਥ ਵਿਚ 2 ਗੋਲ਼ੀਆਂ ਲੱਗੀਆਂ ਤੇ ਉਹ ਵੀ ਜ਼ਖ਼ਮੀ ਹੋ ਗਿਆ। 

ਸਰਬਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਨੂੰ ਪਹਿਲਾਂ ਵੀ ਧਮਕੀਆਂ ਮਿਲ ਰਹੀਆਂ ਸਨ, ਜਿਸ ਦੀ ਸ਼ਿਕਾਇਤ ਉਨ੍ਹਾਂ ਨੇ ਕਈ ਵਾਰ ਪੁਲਸ ਨੂੰ ਕੀਤੀ ਸੀ, ਪਰ ਕੋਈ ਹੱਲ ਨਾ ਨਿਕਲਣ ਕਾਰਨ ਇਹ ਨੁਕਸਾਨ ਹੋਇਆ ਹੈ। ਉਨ੍ਹਾਂ ਨੇ ਹਮਲਾਵਰਾਂ ਦੇ ਖ਼ਿਲਾਫ਼ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ। ਘਰ ਦੇ ਕਮਰੇ ਵਿਚ ਬੈੱਡ ਤੋਂ ਅਤੇ ਗਲੀ ਵਿਚੋਂ ਜ਼ਿੰਦਾ ਕਾਰਤੂਸ ਮਿਲੇ ਹਨ। ਇਸ ਦੇ ਨਾਲ ਹੀ ਨੇੜੇ ਖੜ੍ਹੇ ਨੌਜਵਾਨ ਅਰਵਿੰਦ ਕੁਮਾਰ ਨਾਂ ਦੇ ਨੌਜਵਾਨ ਨੂੰ ਵੀ ਗੋਲ਼ੀਆਂ ਲੱਗੀਆਂ ਹਨ। ਅਕਾਸ਼ਦੀਪ ਤੇ ਅਰਵਿੰਦ ਕੁਮਾਰ ਦੀ ਗੰਭੀਰ ਹਾਲਤ ਨੂੰ ਵੇਖਦਿਆਂ ਉਨ੍ਹਾਂ ਨੂੰ ਬਠਿੰਡਾ ਦੇ ਏਮਜ਼ ਹਸਪਤਾਲ ਵਿਚ ਰੈਫ਼ਰ ਕੀਤਾ ਗਿਆ ਹੈ। 

ਇਸ ਸਬੰਧੀ ਗੱਲਬਾਤ ਕਰਦਿਆਂ ਐੱਸ. ਐੱਚ. ਓ. ਚਰਨਜੀਤ ਸਿੰਘ ਨੇ ਦੱਸਿਆ ਕਿ ਝਗੜੇ ਕਾਰਨ ਦੂਜੀ ਧਿਰ ਨੇ ਘਰ ‘ਚ ਵੜ ਕੇ ਗੋਲ਼ੀਆਂ ਚਲਾਈਆਂ, ਜਿਸ ਵਿਚ ਅਕਾਸ਼ਦੀਪ ਸਿੰਘ ਤੇ ਉਸ ਦਾ ਚਾਚਾ ਮੱਖਣ ਸਿੰਘ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ। ਇਕ ਹੋਰ ਘਟਨਾ ਵਿਚ ਅਰਵਿੰਦ ਕੁਮਾਰ ਦੇ ਵੀ ਗੋਲ਼ੀਆਂ ਲੱਗੀਆਂ ਹਨ। ਪੁਲਸ ਮਾਮਲੇ ਦੀ ਪੂਰੀ ਜਾਂਚ ਲਈ ਵੱਖ-ਵੱਖ ਟੀਮਾਂ ਬਣਾ ਕੇ ਮੁਲਜ਼ਮਾਂ ਦੀ ਭਾਲ ਕਰ ਰਹੀ ਹੈ। 

By Gurpreet Singh

Leave a Reply

Your email address will not be published. Required fields are marked *