ਡੇਰਾਬੱਸੀ ਦੇ ਨਾਇਬ ਤਹਿਸੀਲਦਾਰ ਦੇ ਖ਼ਿਲਾਫ਼ ਨਾਰੇਬਾਜੀ

ਡੇਰਾਬੱਸੀ, 23 ਜਨਵਰੀ (ਗੁਰਪ੍ਰੀਤ ਸਿੰਘ) : ਨਾਇਬ ਤਹਿਸੀਲਦਾਰਾਂ ਵੱਲੋਂ ਆਮ ਲੋਕਾਂ ਨਾਲ ਕੀਤੇ ਜਾ ਰਹੇ ਦੁਰਵਿਵਹਾਰ ਲਗਾਤਾਰ ਕੀਤਾ ਜਾ ਰਿਹਾ ਹੈ। ਇਸੇ ਰੋਸ਼ ਵਜੋਂ ਅੱਜ ਉਗਰਾਹਾਂ ਕਿਸਾਨ ਜਥੇਬੰਦੀ ਵੱਲੋਂ ਤਹਿਸੀਲ ਕੰਪਲੈਕਸ ਵਿੱਚ ਵਰਦੇ ਮੀਂਹ ਵਿੱਚ ਨਾਇਬ ਤਹਿਸੀਲਦਾਰ ਖਿਲਾਫ ਧਰਨਾ ਦਿੱਤਾ। ਦੁਰਵਿਵਹਾਰ ਖ਼ਿਲਾਫ਼ ਕਿਸਾਨਾਂ ਨੇ ਇਸ ਦੌਰਾਨ ਕਿਸਾਨਾਂ ਨੇ ਤਹਿਸੀਲ ਦੇ ਰਜਿਸਟਰੀ ਬਲਾਕ ਵਿੱਚ ਬੈਠ ਕੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਅਤੇ ਨਾਇਬ ਤਹਿਸੀਲਦਾਰ ਖ਼ਿਲਾਫ਼ ਗੰਭੀਰ ਦੋਸ਼ ਲਾਏ। ਐਸ.ਡੀ.ਐਮ. ਅਮਿਤ ਗੁਪਤਾ ਨੇ ਮੌਕੇ ’ਤੇ ਪਹੁੰਚ ਕੇ ਕਿਸਾਨਾਂ ਨੂੰ ਭਵਿੱਖ ਵਿੱਚ ਅਜਿਹਾ ਨਾ ਹੋਣ ਦੇ ਭਰੋਸੇ ਮਗਰੋਂ ਕਿਸਾਨਾਂ ਨੇ ਧਰਨਾ ਚੁੱਕਿਆ।


ਇਸ ਮੌਕੇ ਜਾਣਕਾਰੀ ਦਿੰਦਿਆਂ ਬੀ.ਕੇ.ਯੂ. ਜ਼ਿਲ੍ਹਾ ਪ੍ਰਧਾਨ ਲਖਵਿੰਦਰ ਸਿੰਘ, ਗੁਰਭਜਨ ਸਿੰਘ ਧਰਮਗੜ੍ਹ, ਬੰਤ ਸਿੰਘ ਕੁਰਲੀ, ਲਖਵਿੰਦਰ ਸਿੰਘ ਲੱਖ ਸਾਧਾਂਪੁਰ, ਹਰਜਿੰਦਰ ਸਿੰਘ ਸਾਧਾਂਪੁਰ, ਗੁਰਵਿੰਦਰ ਸਿੰਘ ਖ਼ਜ਼ੂਰ ਮੰਡੀ, ਤਜਿੰਦਰ ਸਿੰਘ ਆਲਮਗੀਰ ਸਣੇ ਹੋਰਨਾਂ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਸਰਕਾਰੀ ਦਫਤਰਾਂ ਵਿੱਚ ਆਮ ਲੋਕਾਂ ਨਾਲ ਬਦਸਲੂਕੀ ਹੋ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਸਰਕਾਰੀ ਦਫ਼ਤਰਾਂ ਵਿੱਚ ਭ੍ਰਿਸ਼ਟਾਚਾਰ ਦਾ ਬੋਲਬਾਲਾ ਹੈ। ਉਨ੍ਹਾਂ ਨੇ ਕਿਹਾ ਕਿ ਜਿਹੜੇ ਕੰਮ ਦੇ ਤਹਿਸੀਲਦਾਰਾਂ ਨੂੰ ਪੈਸੇ ਮਿਲ ਜਾਂਦੇ ਹਨ ਉਨ੍ਹਾਂ ਦੇ ਕੰਮ ਹੋ ਰਹੇ ਹਨ ਜਦਕਿ ਆਮ ਲੋਕ ਆਪਣੇ ਰੋਜ਼ਾਨਾ ਦੇ ਕੰਮਾਂ ਲਈ ਸਰਕਾਰੀ ਦਫਤਰਾਂ ਵਿੱਚ ਖੱਜਲ੍ਹ ਖੁਆਰ ਹੋ ਰਹੇ ਹਨ। ਉਨ੍ਹਾਂ ਨੇ ਦੋਸ਼ ਲਾਇਆ ਕਿ ਰੋਜ਼ਾਨਾ ਨਾਇਬ ਤਹਿਸੀਲਦਾਰ ਵੱਲੋਂ ਲੋਕਾਂ ਨਾਲ ਬਦਸਲੂਕੀ ਕੀਤੀ ਜਾਂਦੀ ਹੈ। ਉਨ੍ਹਾਂ ਨੂੰ ਦਫਤਰ ਤੋਂ ਬਾਹਰ ਕੱਢ ਦਿੱਤਾ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਕਈਂ ਵਾਰ ਸਥਾਨਕ ਲੋਕ ਨਾਇਬ ਤਹਿਸੀਲਦਾਰ ਦੇ ਇਸ ਰਵੱਈਏ ਖ਼ਿਲਾਫ਼ ਸ਼ਿਕਾਇਤਾਂ ਕਰ ਚੁੱਕੇ ਹਨ ਪਰ ਉੱਚ ਅਧਿਕਾਰੀ ਵੀ ਕੋਈ ਸੁਣਵਾਈ ਨਹੀਂ ਕਰ ਰਹੇ।

ਕਿਸਾਨ ਆਗੂਆਂ ਨੇ ਦੋਸ਼ ਲਾਇਆ ਕਿ ਕੋਈ ਵੀ ਕੰਮ ਲਈ ਆਊ ਤਾਂ ਉੱਡੀਕ ਕਰਨ ਦੀ ਗੱਲ ਆਖ ਕੇ ਟਾਲਦੇ ਰਹਿੰਦੇ ਹਨ ਜਦ ਕਥਿਤ ਤੌਰ ’ਤੇ ਦਲਾਲਾਂ ਰਾਹੀਂ ਪੈਸੇ ਪਹੁੰਚ ਜਾਂਦੇ ਹਨ ਤਾਂ ਕੰਮ ਹੁੰਦਾ ਹੈ। ਉਨ੍ਹਾਂ ਨੇ ਦੱਸਿਆ ਕਿ ਆਮ ਲੋਕਾਂ ਨੂੰ ਪੁੱਛਿਆ ਨਹੀਂ ਜਾਂਦਾ ਜਦਕਿ ਦਲਾਲ ਰੋਜ਼ਾਨਾ ਤਹਿਸੀਲਦਾਰ ਨਾਲ ਬੈਠੇ ਹੁੰਦੇ ਹਨ ਜਿਸ ਤੋਂ ਸਪਸ਼ਟ ਸੰਕੇਤ ਹੈ ਕਿ ਇਨ੍ਹਾਂ ਲੋਕਾਂ ਰਾਹੀਂ ਹੀ ਪੈਸੇ ਦੇ ਕੇ ਕੰਮ ਹੋਣਗੇ। ਧਰਨੇ ਵਿੱਚ ਕਿਸਾਨਾਂ ਦੀ ਥਾਣਾ ਮੁਖੀ ਸੁਮੀਤ ਮੋਰ ਨਾਲ ਵੀ ਰਜਿਸਟਰੀ ਹਾਲ ਵਿੱਚ ਬੈਠਣ ਨੂੰ ਲੈ ਕੇ ਗਰਮਾ ਗਰਮੀ ਹੋਈ ਪਰ ਮੁਜ਼ਹਰਾਕਾਰੀਆਂ ਨੇ ਵਰਦੇ ਮੀਂਹ ਵਿੱਚ ਕੋਈ ਹੋਰ ਥਾਂ ਨਾ ਹੋਣ ਕਰਨ ਉੱਠਣ ਤੋਂ ਸਪਸ਼ਟ ਇਤਰਾਜ਼ ਪ੍ਰਗਟ ਕੀਤਾ ਜਿਸ ਦੌਰਾਨ ਕੁਝ ਦੇਰ ਲਈ ਮਾਹੌਲ ਤਣਾਅਪੂਰਨ ਬਣਿਆ ਰਿਹਾ।

ਐਸ.ਡੀ.ਐਮ. ਅਮਿਤ ਗੁਪਤਾ ਨੇ ਧਰਨਾ ਸਥਾਨ ’ਤੇ ਪਹੁੰਚ ਕੇ ਕਿਸਾਨਾਂ ਅਤੇ ਨਾਇਬ ਤਹਿਸੀਲਦਾਰ ਵਿਚਾਲੇ ਬੰਦ ਕਮਰਾ ਮੀਟਿੰਗ ਕਰਵਾ ਮਸਲਾ ਸੁਲਝਾਇਆ ਅਤੇ ਭਵਿੱਖ ਵਿੱਚ ਮੁੜ ਅਜਿਹਾ ਨਾ ਹੋਣ ਦਾ ਭਰੋਸਾ ਦੇ ਕੇ ਸ਼ਾਂਤ ਕੀਤਾ। ਕਿਸਾਨਾਂ ਨੇ ਕਿਹਾ ਕਿ ਜੇਕਰ ਭਵਿੱਖ ਵਿੱਚ ਕਿਸੇ ਹੋਰ ਨਾਲ ਵੀ ਬਦਸਲੂਕੀ ਹੋਈ ਤਾਂ ਉਹ ਸੰਘਰਸ਼ ਕਰਨ ਤੋਂ ਪਿੱਛੇ ਨਹੀਂ ਹੱਟਣਗੇ।

ਗੱਲ ਕਰਨ ’ਤੇ ਨਾਇਬ ਤਹਿਸੀਲਦਾਰ ਹਰਸਿਮਰਨ ਸਿੰਘ ਨੇ ਕਿਹਾ ਕਿ ਉਹ ਰਜਿਸਟਰੀ ਕਰ ਰਹੇ ਸੀ ਜਿਸ ਦੌਰਾਨ ਕਿਸਾਨ ਆਗੂ ਨੇ ਇਕ ਦਸਤਾਵੇਜ ’ਤੇ ਹਸਤਾਖ਼ਰ ਕਰਨ ਲਈ ਕਿਹਾ ਜਿਸ ’ਤੇ ਉਨ੍ਹਾਂ ਨੇ ਕੁਝ ਦੇਰ ਲਈ ਉੱਡੀਕ ਕਰਨ ਲਈ ਕਿਹਾ ਪਰ ਉਹ ਗੁੱਸਾ ਮੰਨ ਗਏ। ਉਨ੍ਹਾਂ ਨੇ ਕਿਹਾ ਕਿ ਉਹ ਲੋਕਾਂ ਦੀ ਸੇਵਾ ਕਰਨ ਲਈ ਹੀ ਇਸ ਕੁਰਸੀ ’ਤੇ ਬੈਠੇ ਹਨ ਅਤੇ ਉਨ੍ਹਾਂ ਨੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਨੂੰ ਸਿਰੇ ਤੋਂ ਖਾਰਿਜ ਕੀਤਾ।

By Gurpreet Singh

Leave a Reply

Your email address will not be published. Required fields are marked *