ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, ਕਮਾਲਪੁਰ ਦੇ ਜੰਗਲਾਂ ਤੇ ਰਾਜਾਸਾਂਸੀ ਇਲਾਕੇ ਤੋਂ 4,000 ਲੀਟਰ ਸ਼ਰਾਬ ਬਰਾਮਦ

ਅੰਮ੍ਰਿਤਸਰ : ਜ਼ਿਲਾ ਆਬਕਾਰੀ ਵਿਭਾਗ ਵੱਲੋਂ ਨਾਜਾਇਜ਼ ਸ਼ਰਾਬ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਵੱਡੀ ਕਾਰਵਾਈ ਕਰਦਿਆਂ ਭਾਰੀ ਮਾਤਰਾ ਵਿਚ ਨਾਜਾਇਜ਼ ਸ਼ਰਾਬ, ਲਾਹਣ ਅਤੇ ਇਲਿਸਿਟ ਐਸਿਡ ਬਰਾਮਦ ਕੀਤਾ ਗਿਆ ਹੈ। ਇਹ ਕਾਰਵਾਈ ਸਹਾਇਕ ਕਮਿਸ਼ਨਰ ਆਬਕਾਰੀ ਅੰਮ੍ਰਿਤਸਰ ਰੇਂਜ ਦਿਲਬਾਗ ਸਿੰਘ ਚੀਮਾ ਅਤੇ ਜ਼ਿਲਾ ਆਬਕਾਰੀ ਅਫ਼ਸਰ ਲਲਿਤ ਕੁਮਾਰ ਦੇ ਨਿਰਦੇਸ਼ਾਂ ’ਤੇ ਕੀਤੀ ਗਈ। ਕਾਰਵਾਈ ਲਈ ਇੰਸਪੈਕਟਰ ਜਗਦੀਪ ਕੌਰ ਨੂੰ ਟੀਮ ਸਮੇਤ ਫੀਲਡ ਵਿਚ ਭੇਜਿਆ ਗਿਆ। ਜਾਣਕਾਰੀ ਦਿੰਦੇ ਹੋਏ ਇੰਸਪੈਕਟਰ ਜਗਦੀਪ ਕੌਰ ਨੇ ਦੱਸਿਆ ਕਿ ਅੰਮ੍ਰਿਤਸਰ ਦਿਹਾਤੀ ਅਧੀਨ ਆਉਂਦੇ ਰਾਜਾਸਾਂਸੀ ਇਲਾਕੇ ਵਿਚ ਬਲਾਂ ਨੇੜੇ ਇੱਕ ਥਾਂ ਤੋਂ ਆਕਾਸ਼ ਚੰਦਰ ਦੇ ਕਬਜ਼ੇ ਵਿਚੋਂ 1800 ਲੀਟਰ ਨਾਜਾਇਜ਼ ਸ਼ਰਾਬ, 60 ਲੀਟਰ ਇਲਿਸਿਟ ਐਸਿਡ ਅਤੇ ਇੱਕ ਹੋਰ ਥਾਂ ਤੋਂ 400 ਲੀਟਰ ਲਾਹਣ ਬਰਾਮਦ ਕੀਤੀ ਗਈ ਹੈ।

ਉਨ੍ਹਾਂ ਦੱਸਿਆ ਕਿ ਮਾਮਲੇ ਸਬੰਧੀ ਪੁਲਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਐੱਫ. ਆਈ. ਆਰ. ਅੰਡਰ ਪ੍ਰੋਸੈਸ ਹੈ। ਉਨ੍ਹਾਂ ਦੱਸਿਆ ਕਿ ਇਕ ਹੋਰ ਕਾਰਵਾਈ ਦੌਰਾਨ ਅਜਨਾਲਾ ਇਲਾਕੇ ਅਧੀਨ ਆਉਂਦੇ ਕਮਾਲਪੁਰ ਦੇ ਜੰਗਲਾਂ ਵਿੱਚੋਂ 1750 ਲੀਟਰ ਨਾਜਾਇਜ਼ ਸ਼ਰਾਬ ਵੀ ਬਰਾਮਦ ਕੀਤੀ ਗਈ ਹੈ। ਇਸ ਤਰ੍ਹਾਂ ਕੁੱਲ ਮਿਲਾ ਕੇ 4000 ਲੀਟਰ ਤੋਂ ਵੱਧ ਨਾਜਾਇਜ਼ ਸ਼ਰਾਬ ਅਤੇ ਲਾਹਣ ਜ਼ਬਤ ਕੀਤੀ ਗਈ ਹੈ। ਇਸ ਮੌਕੇ ਸਹਾਇਕ ਕਮਿਸ਼ਨਰ ਆਬਕਾਰੀ ਦਿਲਬਾਗ ਸਿੰਘ ਚੀਮਾ ਨੇ ਕਿਹਾ ਕਿ ਨਾਜਾਇਜ਼ ਸ਼ਰਾਬ ਦਾ ਕਾਰੋਬਾਰ ਕਰਨ ਵਾਲਿਆਂ ਖ਼ਿਲਾਫ਼ ਆਬਕਾਰੀ ਵਿਭਾਗ ਦੀ ਮੁਹਿੰਮ ਅੱਗੇ ਵੀ ਪੂਰੀ ਸਖ਼ਤੀ ਨਾਲ ਲਗਾਤਾਰ ਜਾਰੀ ਰਹੇਗੀ।

By Gurpreet Singh

Leave a Reply

Your email address will not be published. Required fields are marked *