ਲੁਧਿਆਣਾ: ਗੁਆਂਢੀ ਨੌਜਵਾਨ ਨੇ ਨਾਬਾਲਗਾ ਨਾਲ ਛੱਤ ’ਤੇ ਕੀਤਾ ਜਬਰ ਜ਼ਨਾਹ, ਦੋਸ਼ੀ ਗ੍ਰਿਫ਼ਤਾਰ

ਹਲਵਾਰਾ : ਹਲਵਾਰਾ ਦੇ ਲਾਗਲੇ ਥਾਣਾ ਸੁਧਾਰ ਦੇ ਅਧੀਨ ਆਉਂਦੇ ਇੱਕ ਪਿੰਡ ਵਿੱਚ 14 ਸਾਲਾ ਨਾਬਾਲਗ ਕੁੜੀ ਨਾਲ ਗੁਆਂਢੀ ਨੌਜਵਾਨ ਵੱਲੋਂ ਜਬਰ ਜ਼ਨਾਹ ਕਰਨ ਦਾ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਤੁਰੰਤ ਕਾਰਵਾਈ ਕਰਦਿਆਂ 19 ਸਾਲਾ ਦੋਸ਼ੀ ਹਨੀ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਉਸ ਖ਼ਿਲਾਫ਼ ਪੋਕਸੋ ਐਕਟ ਅਤੇ ਹੋਰ ਸਬੰਧਿਤ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ।

ਪੁਲਸ ਵੱਲੋਂ ਪ੍ਰਾਪਤ ਜਾਣਕਾਰੀ ਅਨੁਸਾਰ ਬੁੱਧਵਾਰ ਦੀ ਰਾਤ ਨਾਬਾਲਗ ਕੁੜੀ ਕਿਸੇ ਕੰਮ ਸਬੰਧੀ ਆਪਣੇ ਘਰ ਦੀ ਛੱਤ ’ਤੇ ਗਈ ਸੀ। ਇਸ ਮੌਕੇ ਗੁਆਂਢੀ ਨੌਜਵਾਨ ਨੇ ਉਸ ਨੂੰ ਇਕੱਲੀ ਦੇਖ ਕੇ ਜ਼ਬਰਦਸਤੀ ਕਾਬੂ ਕਰ ਲਿਆ। ਸ਼ੋਰ ਮਚਾਉਣ ਤੋਂ ਰੋਕਣ ਲਈ ਦੋਸ਼ੀ ਵੱਲੋਂ ਉਸਦਾ ਮੂੰਹ ਬੰਨ੍ਹਿਆ ਗਿਆ ਅਤੇ ਘਿਨੌਣੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਵਾਰਦਾਤ ਤੋਂ ਬਾਅਦ ਦੋਸ਼ੀ ਪੀੜਤਾ ਨੂੰ ਧਮਕੀਆਂ ਦਿੰਦਿਆਂ ਹੋਇਆ ਮੌਕੇ ਤੋਂ ਫ਼ਰਾਰ ਹੋ ਗਿਆ।

ਕਾਫ਼ੀ ਸਮਾਂ ਲੰਘ ਜਾਣ ਦੇ ਬਾਵਜੂਦ ਕੁੜੀ ਦੇ ਘਰ ਵਾਪਸ ਨਾ ਆਉਣ ’ਤੇ ਪਰਿਵਾਰਕ ਮੈਂਬਰਾਂ ਨੇ ਉਸਦੀ ਤਲਾਸ਼ ਸ਼ੁਰੂ ਕੀਤੀ। ਛੱਤ ’ਤੇ ਪਹੁੰਚਣ ’ਤੇ ਨਾਬਾਲਗ ਬੇਹੋਸ਼ੀ ਦੀ ਹਾਲਤ ਵਿੱਚ ਜ਼ਖ਼ਮੀ ਮਿਲੀ, ਜਿਸ ਕਾਰਨ ਪਰਿਵਾਰ ਵਿੱਚ ਹਾਹਾਕਾਰ ਮਚ ਗਈ। ਪਰਿਵਾਰਕ ਮੈਂਬਰ ਉਸ ਨੂੰ ਤੁਰੰਤ ਇਲਾਜ ਲਈ ਹਸਪਤਾਲ ਲੈ ਕੇ ਗਏ। ਹੋਸ਼ ਵਿੱਚ ਆਉਣ ਉਪਰੰਤ ਪੀੜਤਾ ਵੱਲੋਂ ਘਟਨਾ ਬਾਰੇ ਪਰਿਵਾਰ ਨੂੰ ਜਾਣਕਾਰੀ ਦਿੱਤੀ ਗਈ, ਜਿਸ ਤੋਂ ਬਾਅਦ ਥਾਣਾ ਸੁਧਾਰ ਪੁਲਸ ਨੂੰ ਸੂਚਿਤ ਕੀਤਾ ਗਿਆ। ਮਹਿਲਾ ਪੁਲਸ ਕਰਮਚਾਰੀਆਂ ਦੀ ਮੌਜੂਦਗੀ ਵਿੱਚ ਪੀੜਤਾ ਦਾ ਮੈਡੀਕਲ ਮੁਆਇਨਾ ਕਰਵਾਇਆ ਗਿਆ।

ਥਾਣਾ ਮੁਖੀ ਇੰਸਪੈਕਟਰ ਗੁਰਦੀਪ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਤਫ਼ਤੀਸ਼ ਜਾਰੀ ਹੈ। ਉਨ੍ਹਾਂ ਕਿਹਾ ਕਿ ਰਾਏਕੋਟ ਸਿਵਲ ਹਸਪਤਾਲ ਵਿੱਚ ਮਾਹਰ ਡਾਕਟਰ ਉਪਲਬਧ ਨਾ ਹੋਣ ਕਾਰਨ ਪੀੜਤਾ ਨੂੰ ਵਧੇਰੇ ਇਲਾਜ ਲਈ ਲੁਧਿਆਣਾ ਰੈਫਰ ਕੀਤਾ ਗਿਆ ਹੈ। ਥਾਣੇ ਵਿੱਚ ਮੌਜੂਦ ਪਰਿਵਾਰਕ ਮੈਂਬਰਾਂ ਨੇ ਦੋਸ਼ੀ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇਣ ਦੀ ਮੰਗ ਕਰਦਿਆਂ ਕਿਹਾ ਕਿ ਨਾਬਾਲਗ ਦੀ ਹਾਲਤ ਗੰਭੀਰ ਬਣੀ ਹੋਈ ਹੈ। ਪੁਲਸ ਨੇ ਭਰੋਸਾ ਦਿੱਤਾ ਹੈ ਕਿ ਪੀੜਤਾ ਨੂੰ ਹਰ ਸੰਭਵ ਮੈਡੀਕਲ ਅਤੇ ਕਾਨੂੰਨੀ ਸਹਾਇਤਾ ਦਿੱਤੀ ਜਾ ਰਹੀ ਹੈ ਅਤੇ ਦੋਸ਼ੀ ਖ਼ਿਲਾਫ਼ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

By Gurpreet Singh

Leave a Reply

Your email address will not be published. Required fields are marked *