ਮਹਾਨ ਸ਼ਹੀਦ ਸ਼ਾਮ ਸਿੰਘ ਅਟਾਰੀਵਾਲਾ ਦੇ 180ਵੇਂ ਸ਼ਹੀਦੀ ਦਿਹਾੜੇ ਉਤੇ ਰਾਜ ਪੱਧਰੀ ਸਮਾਗਮ

ਨੈਸ਼ਨਲ ਟਾਈਮਜ਼ ਬਿਉਰੋ :- ਮਹਾਨ ਸ਼ਹੀਦ ਸਰਦਾਰ ਸ਼ਾਮ ਸਿੰਘ ਅਟਾਰੀਵਾਲਾ ਦੇ 180ਵੇਂ ਸ਼ਹੀਦੀ ਦਿਹਾੜੇ ਦੇ ਮੌਕੇ ’ਤੇ ਅੱਜ ਪੰਜਾਬ ਸਰਕਾਰ ਵੱਲੋਂ ਅੰਮ੍ਰਿਤਸਰ ਵਿਖੇ ਇੱਕ ਸ਼ਾਨਦਾਰ ਰਾਜ ਪੱਧਰੀ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਹਾਜ਼ਰ ਹੋਏ। ਉਨ੍ਹਾਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਸ਼ਹੀਦ ਸ਼ਾਮ ਸਿੰਘ ਅਟਾਰੀਵਾਲਾ ਨੂੰ ਸ਼ਰਧਾ ਦੇ ਫੁੱਲ ਭੇਟ ਕਰਕੇ ਨਮਨ ਕੀਤਾ।

ਉਨ੍ਹਾਂ ਦਾ ਯੋਗਦਾਨ ਸਿੱਖ ਇਤਿਹਾਸ ਵਿੱਚ ਸਦਾ ਅਮਰ ਰਹੇਗਾ। ਇਸ ਮੌਕੇ ਕੈਬਨਿਟ ਮੰਤਰੀ ਨੇ ਹਾਲ ਹੀ ਵਿੱਚ ਰਾਜਾ ਵੜਿੰਗ ਵੱਲੋਂ ਦਿੱਤੇ ਗਏ ਬਿਆਨਾਂ ਦੀ ਕੜੀ ਆਲੋਚਨਾ ਕਰਦਿਆਂ ਕਿਹਾ ਕਿ ਆਮ ਪਰਿਵਾਰਾਂ ਵਿੱਚੋਂ ਨਿਕਲ ਕੇ ਪੜ੍ਹ-ਲਿਖ ਕੇ ਉੱਚੇ ਅਹੁਦਿਆਂ ਤੱਕ ਪਹੁੰਚਣ ਵਾਲੇ ਨੌਜਵਾਨਾਂ ’ਤੇ ਇਸ ਤਰ੍ਹਾਂ ਦੀਆਂ ਟਿੱਪਣੀਆਂ ਕਰਨਾ ਬਹੁਤ ਹੀ ਸ਼ਰਮਨਾਕ ਤੇ ਮੰਦਭਾਗਾ ਹੈ। ਉਨ੍ਹਾਂ ਸਾਫ਼ ਕੀਤਾ ਕਿ ਇਸ ਮਾਮਲੇ ਵਿੱਚ ਕਾਨੂੰਨ ਆਪਣੇ ਨਿਯਮਾਂ ਅਨੁਸਾਰ ਕਾਰਵਾਈ ਕਰੇਗਾ ਤੇ ਕਿਸੇ ਨਾਲ ਵੀ ਕੋਈ ਭੇਦਭਾਵ ਨਹੀਂ ਕੀਤਾ ਜਾਵੇਗਾ।

ਸਮਾਗਮ ਦੌਰਾਨ ਸ਼ਹੀਦ ਸ਼ਾਮ ਸਿੰਘ ਅਟਾਰੀਵਾਲਾ ਟਰੱਸਟ ਦੇ ਜਨਰਲ ਸਕੱਤਰ ਹਰਪ੍ਰੀਤ ਸਿੰਘ ਸਿੱਧੂ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਹਰ ਸਾਲ ਇਹ ਸ਼ਹੀਦੀ ਦਿਹਾੜਾ ਰਾਜ ਪੱਧਰ ’ਤੇ ਮਨਾਇਆ ਜਾਂਦਾ ਹੈ, ਪਰ ਟਰੱਸਟ ਦੀ ਮੁੱਖ ਮੰਗ ਹੈ ਕਿ ਇਸ ਸ਼ਹੀਦੀ ਦਿਹਾੜੇ ਨੂੰ ਪੰਜਾਬ ਸਰਕਾਰ ਵੱਲੋਂ ਗਜ਼ਟ ਵਿੱਚ ਨੋਟੀਫਾਈ ਕਰਕੇ ਸਥਾਈ ਤੌਰ ’ਤੇ ਦਰਜ ਕੀਤਾ ਜਾਵੇ, ਤਾਂ ਜੋ ਹਰ ਸਾਲ ਸਰਕਾਰ ਅੱਗੇ ਵੱਖਰੇ ਤੌਰ ’ਤੇ ਬੇਨਤੀ ਨਾ ਕਰਨੀ ਪਵੇ।

ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਸ ਰਾਜ ਪੱਧਰੀ ਸਮਾਗਮ ਦਾ ਆਯੋਜਨ ਕੀਤਾ ਗਿਆ ਹੈ ਅਤੇ ਸਮਾਜ ਦੇ ਹਰ ਵਰਗ ਨੂੰ ਇਸ ਵਿੱਚ ਸ਼ਾਮਲ ਹੋਣ ਲਈ ਸੱਦਾ ਦਿੱਤਾ ਗਿਆ, ਤਾਂ ਜੋ ਲੋਕ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਯਾਦ ਕਰ ਸਕਣ। ਉੱਥੇ ਹੀ ਕਰਨਲ ਹਰਿੰਦਰ ਸਿੰਘ ਨੇ ਕਿਹਾ ਕਿ ਸ਼ਹੀਦ ਸ਼ਾਮ ਸਿੰਘ ਅਟਾਰੀਵਾਲਾ ਦੀ ਸ਼ਹਾਦਤ ਸਿਰਫ਼ ਉਨ੍ਹਾਂ ਦੇ ਪਰਿਵਾਰ ਹੀ ਨਹੀਂ, ਸਗੋਂ ਪੂਰੇ ਸਮਾਜ ਲਈ ਮਾਣ ਦੀ ਗੱਲ ਹੈ। ਉਨ੍ਹਾਂ ਸਮਾਗਮ ਵਿੱਚ ਸ਼ਾਮਲ ਹੋਏ ਸਾਰੇ ਲੋਕਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇਸ ਤਰ੍ਹਾਂ ਦੇ ਸਮਾਗਮ ਨਵੀਂ ਪੀੜ੍ਹੀ ਨੂੰ ਦੇਸ਼ਭਗਤੀ ਅਤੇ ਬਲਿਦਾਨ ਦੀ ਪ੍ਰੇਰਣਾ ਦਿੰਦੇ ਹਨ।

By Gurpreet Singh

Leave a Reply

Your email address will not be published. Required fields are marked *