ਭਰਾਵਾਂ ਦਾ ਅਥਾਹ ਪਿਆਰ: ਵੱਡੇ ਭਰਾ ਦੇ ਵਿਛੋੜੇ ‘ਚ ਛੋਟੇ ਨੇ ਵੀ ਤੋੜਿਆ ਦਮ; ਫਿਰੋਜ਼ਪੁਰ ‘ਚ ਪਸਰਿਆ ਸੋਗ”

ਫਿਰੋਜ਼ਪੁਰ(ਗੁਰਪ੍ਰੀਤ ਸਿੰਘ)ਫਿਰੋਜ਼ਪੁਰ ਦੇ ਪਿੰਡ ਕੁਲਗੜ੍ਹੀ ਤੋਂ ਇੱਕ ਬੇਹੱਦ ਦੁਖਦਾਈ ਅਤੇ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਦੋ ਸਕੇ ਭਰਾਵਾਂ ਦੀ ਇੱਕੋ ਦਿਨ ਮੌਤ ਹੋ ਗਈ। ਕੁਝ ਹੀ ਘੰਟਿਆਂ ਦੇ ਵਕਫੇ ਵਿੱਚ ਵਾਪਰੀਆਂ ਇਨ੍ਹਾਂ ਦੋ ਮੌਤਾਂ ਕਾਰਨ ਪੂਰੇ ਪਿੰਡ ਵਿੱਚ ਚੀਖ-ਪੁਕਾਰ ਮਚ ਗਈ ਅਤੇ ਮਾਹੌਲ ਗਮਗੀਨ ਹੋ ਗਿਆ। ਮ੍ਰਿਤਕਾਂ ਦੀ ਪਛਾਣ ਰਜਵੰਤ ਸਿੰਘ ਸੰਧੂ ਅਤੇ ਭਗਵੰਤ ਸਿੰਘ ਸੰਧੂ ਵਜੋਂ ਹੋਈ ਹੈ।

ਜਾਣਕਾਰੀ ਅਨੁਸਾਰ, ਵੱਡੇ ਭਰਾ ਰਜਵੰਤ ਸਿੰਘ ਸੰਧੂ (71) ਦੀ ਸਵੇਰੇ ਕਰੀਬ 8 ਵਜੇ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ। ਪਰਿਵਾਰਕ ਮੈਂਬਰ ਦੁਪਹਿਰ ਵੇਲੇ ਪਿੰਡ ਦੇ ਸ਼ਮਸ਼ਾਨਘਾਟ ਵਿੱਚ ਉਨ੍ਹਾਂ ਦਾ ਅੰਤਿਮ ਸਸਕਾਰ ਕਰਕੇ ਘਰ ਪਰਤੇ ਹੀ ਸਨ ਕਿ ਕੁਦਰਤ ਨੇ ਇੱਕ ਹੋਰ ਕਹਿਰ ਢਾਹ ਦਿੱਤਾ। ਰਜਵੰਤ ਦਾ ਛੋਟਾ ਭਰਾ ਭਗਵੰਤ ਸਿੰਘ ਸੰਧੂ (69) ਸਸਕਾਰ ਤੋਂ ਮੁੜ ਕੇ ਆਪਣੇ ਵੱਡੇ ਭਰਾ ਦੇ ਕਮਰੇ ਵਿੱਚ ਉਸੇ ਦੇ ਬਿਸਤਰ ‘ਤੇ ਲੇਟ ਗਿਆ। ਦੁਪਹਿਰ ਕਰੀਬ 3 ਵਜੇ ਉਸ ਨੂੰ ਵੀ ਦਿਲ ਦਾ ਦੌਰਾ ਪਿਆ ਅਤੇ ਉਸ ਦੀ ਮੌਤ ਹੋ ਗਈ।

ਪਿੰਡ ਵਾਸੀਆਂ ਨੇ ਦੱਸਿਆ ਕਿ ਦੋਵਾਂ ਭਰਾਵਾਂ ਵਿੱਚ ਬਹੁਤ ਜ਼ਿਆਦਾ ਪਿਆਰ ਸੀ ਅਤੇ ਉਹ ਹਰ ਦੁੱਖ-ਸੁੱਖ ਵਿੱਚ ਹਮੇਸ਼ਾ ਇਕੱਠੇ ਰਹਿੰਦੇ ਸਨ। ਇਹੀ ਕਾਰਨ ਹੈ ਕਿ ਭਗਵੰਤ ਸਿੰਘ ਆਪਣੇ ਵੱਡੇ ਭਰਾ ਦੀ ਮੌਤ ਦਾ ਸਦਮਾ ਬਰਦਾਸ਼ਤ ਨਹੀਂ ਕਰ ਸਕਿਆ ਅਤੇ ਭਰਾ ਦੇ ਵਿਛੋੜੇ ਵਿੱਚ ਆਪਣੀ ਜਾਨ ਗੁਆ ਦਿੱਤੀ। ਇੱਕੋ ਦਿਨ ਘਰ ਵਿੱਚੋਂ ਦੋ ਅਰਥੀਆਂ ਉੱਠਣ ਕਾਰਨ ਪਰਿਵਾਰ ‘ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ। ਇਸ ਘਟਨਾ ਨੇ ਇਲਾਕੇ ਦੇ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ।
 

By Gurpreet Singh

Leave a Reply

Your email address will not be published. Required fields are marked *