ਖੇਡ ਦੇ ਮੈਦਾਨ ‘ਚ ਵਿਛੇ ਸੱਥਰ: ਫੁੱਟਬਾਲ ਖੇਡਦੇ ਸਮੇਂ ਮੇਘਾਲਿਆ ਦੇ ਸੰਸਦ ਮੈਂਬਰ ਦਾ ਦਿਹਾਂਤ

ਸ਼ਿਲਾਂਗ : ਮੇਘਾਲਿਆ ਤੋਂ ਇੱਕ ਬੇਹੇਂਦ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਲੋਕ ਸਭਾ ਮੈਂਬਰ ਅਤੇ ‘ਵੌਇਸ ਆਫ ਪੀਪਲ ਪਾਰਟੀ’ (VPP) ਦੇ ਸੀਨੀਅਰ ਆਗੂ ਡਾ. ਰਿਕੀ ਐਂਡਰਿਊ ਜੇ. ਸਿੰਗਕੋਨ ਦਾ ਵੀਰਵਾਰ ਸ਼ਾਮ ਨੂੰ ਦਿਹਾਂਤ ਹੋ ਗਿਆ। ਜਾਣਕਾਰੀ ਅਨੁਸਾਰ, ਉਹ ਸ਼ਿਲਾਂਗ ਵਿੱਚ ‘ਫੁਟਸਲ’ (ਫੁੱਟਬਾਲ ਦਾ ਇੱਕ ਰੂਪ) ਖੇਡ ਰਹੇ ਸਨ, ਜਿਸ ਦੌਰਾਨ ਇਹ ਦਰਦਨਾਕ ਘਟਨਾ ਵਾਪਰੀ।

ਪਾਰਟੀ ਅਹੁਦੇਦਾਰਾਂ ਨੇ ਦੱਸਿਆ ਕਿ ਡਾ. ਸਿੰਗਕੋਨ ਮੈਦਾਨ ਵਿੱਚ ਫੁੱਟਬਾਲ ਖੇਡ ਰਹੇ ਸਨ ਕਿ ਅਚਾਨਕ ਉਹ ਬੇਹੋਸ਼ ਹੋ ਕੇ ਡਿੱਗ ਪਏ। ਉਨ੍ਹਾਂ ਨੂੰ ਤੁਰੰਤ ਨੇੜਲੇ ਹਸਪਤਾਲ ਲਿਜਾਇਆ ਗਿਆ, ਪਰ ਅਫ਼ਸੋਸ ਕਿ ਡਾਕਟਰ ਉਨ੍ਹਾਂ ਨੂੰ ਬਚਾ ਨਹੀਂ ਸਕੇ। ਰਾਤ ਕਰੀਬ 8:45 ਵਜੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਦੱਸ ਦੇਈਏ ਕਿ ਡਾ. ਸਿੰਗਕੋਨ ਲੋਕ ਸਭਾ ਵਿੱਚ ਸ਼ਿਲਾਂਗ ਸੰਸਦੀ ਖੇਤਰ ਦੀ ਪ੍ਰਤੀਨਿਧਤਾ ਕਰਦੇ ਸਨ ਅਤੇ ਆਪਣੇ ਇਲਾਕੇ ਵਿੱਚ ਜ਼ਮੀਨੀ ਪੱਧਰ ‘ਤੇ ਲੋਕਾਂ ਨਾਲ ਜੁੜੇ ਰਹਿਣ ਲਈ ਜਾਣੇ ਜਾਂਦੇ ਸਨ।

ਮੇਘਾਲਿਆ ਦੇ ਮੁੱਖ ਮੰਤਰੀ ਕੋਨਰਾਡ ਕੇ. ਸੰਗਮਾ ਨੇ ਸਿੰਗਕੋਨ ਦੇ ਬੇਵਕਤੀ ਦਿਹਾਂਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਨੇ ਡਾ. ਸਿੰਗਕੋਨ ਨੂੰ ਇੱਕ ਸਮਰਪਿਤ ਜਨ ਪ੍ਰਤੀਨਿਧ ਦੱਸਿਆ, ਜਿਸ ਨੇ ਜਨਤਾ ਦੇ ਭਲੇ ਲਈ ਦਿਨ-ਰਾਤ ਕੰਮ ਕੀਤਾ। ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਵੀ ਉਨ੍ਹਾਂ ਦੀ ਮੌਤ ‘ਤੇ ਸੋਗ ਜਤਾਇਆ ਅਤੇ ਸੰਸਦ ਵਿੱਚ ਖੇਤਰੀ ਮੁੱਦਿਆਂ ਨੂੰ ਜ਼ੋਰਦਾਰ ਢੰਗ ਨਾਲ ਉਠਾਉਣ ਲਈ ਉਨ੍ਹਾਂ ਦੀ ਸ਼ਲਾਘਾ ਕੀਤੀ।

ਕੀ ਹੈ ਫੁਟਸਲ (Futsal)? 
ਫੁਟਸਲ ਫੁੱਟਬਾਲ ਦੀ ਤਰ੍ਹਾਂ ਹੀ ਇੱਕ ਖੇਡ ਹੈ, ਪਰ ਇਹ ਛੋਟੇ ਮੈਦਾਨ ‘ਤੇ ਅਤੇ ਤੇਜ਼ ਗਤੀ ਨਾਲ ਖੇਡੀ ਜਾਂਦੀ ਹੈ। ਇਸ ਵਿੱਚ ਦੋਵੇਂ ਪਾਸੇ ਪੰਜ-ਪੰਜ ਖਿਡਾਰੀ ਹੁੰਦੇ ਹਨ। ਡਾ. ਸਿੰਗਕੋਨ ਨੂੰ ਖੇਡਾਂ ਵਿੱਚ ਵਿਸ਼ੇਸ਼ ਰੁਚੀ ਸੀ ਅਤੇ ਉਹ ਅਕਸਰ ਅਜਿਹੀਆਂ ਗਤੀਵਿਧੀਆਂ ਵਿੱਚ ਹਿੱਸਾ ਲੈਂਦੇ ਰਹਿੰਦੇ ਸਨ।

By Rajeev Sharma

Leave a Reply

Your email address will not be published. Required fields are marked *