ਹਲਵਾਰਾ ਹਵਾਈ ਅੱਡੇ ਦੀਆਂ ਉਡਾਣਾਂ ਦਾ ਐਲਾਨ, ਨੇੜਲੇ ਇਲਾਕਿਆਂ ’ਚ ਜ਼ਮੀਨਾਂ ਦੇ ਭਾਅ ਚੜ੍ਹੇ ਚਰਮ ‘ਤੇ

ਹਲਵਾਰਾ : ਅੰਤਰਰਾਸ਼ਟਰੀ ਹਵਾਈ ਅੱਡਾ ਹਲਵਾਰਾ ਤੋਂ ਨਿਯਮਿਤ ਉਡਾਣਾਂ ਸ਼ੁਰੂ ਹੋਣ ਦੀ ਉਮੀਦ ਨੇ ਨੇੜਲੇ ਇਲਾਕਿਆਂ ਦੇ ਜਾਇਦਾਦ ਬਜ਼ਾਰ ਵਿੱਚ ਨਵੀਂ ਚਹਲਪਹਲ ਪੈਦਾ ਕਰ ਦਿੱਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਹਵਾਈ ਅੱਡੇ ਦਾ ਵਰਚੂਅਲ ਉਦਘਾਟਨ ਕਰਨ ਉਪਰੰਤ ਮਾਰਚ ਦੇ ਪਹਿਲੇ ਹਫ਼ਤੇ ਤੋਂ ਦਿੱਲੀ–ਹਲਵਾਰਾ–ਦਿੱਲੀ ਰੂਟ ’ਤੇ ਰੋਜ਼ਾਨਾ ਦੋ ਉਡਾਣਾਂ ਚਲਾਉਣ ਦੇ ਐਲਾਨ ਨੇ ਰੀਅਲ ਅਸਟੇਟ ਮਾਰਕੀਟ ਨੂੰ ਤੇਜ਼ੀ ਦੇ ਨਵੇਂ ਪੱਧਰ ’ਤੇ ਪਹੁੰਚਾ ਦਿੱਤਾ ਹੈ।

ਹਲਵਾਰਾ, ਰਾਏਕੋਟ ਰੋਡ, ਮੁੱਲਾਂਪੁਰ ਅਤੇ ਆਲੇ-ਦੁਆਲੇ ਦੇ ਪਿੰਡਾਂ ਵਿੱਚ ਪਿਛਲੇ ਕੁਝ ਹਫ਼ਤਿਆਂ ਦੌਰਾਨ ਰਿਹਾਇਸ਼ੀ ਅਤੇ ਵਪਾਰਕ ਪਲਾਟਾਂ ਦੀਆਂ ਕੀਮਤਾਂ ਵਿੱਚ 15 ਤੋਂ 30 ਫੀਸਦੀ ਤੱਕ ਵਾਧਾ ਦਰਜ ਕੀਤਾ ਗਿਆ ਹੈ। ਜਾਇਦਾਦ ਕਾਰੋਬਾਰ ਨਾਲ ਜੁੜੇ ਵਿਅਕਤੀਆਂ ਅਨੁਸਾਰ ਕਈ ਥਾਵਾਂ ’ਤੇ ਤਿਆਰ ਪਲਾਟਾਂ ਦੇ ਭਾਅ ਰੋਜ਼ਾਨਾ ਅਧਾਰ ’ਤੇ ਬਦਲ ਰਹੇ ਹਨ ਅਤੇ ਖਰੀਦਦਾਰਾਂ ਵਿੱਚ ਅੱਗੇ ਰਹਿਣ ਦੀ ਹੋੜ ਦੇਖਣ ਨੂੰ ਮਿਲ ਰਹੀ ਹੈ।

ਰੀਅਲ ਅਸਟੇਟ ਮਾਹਿਰਾਂ ਦਾ ਕਹਿਣਾ ਹੈ ਕਿ ਹਵਾਈ ਅੱਡੇ ਦੇ ਸੰਚਾਲਨ ਨਾਲ ਇਹ ਖੇਤਰ ਸਿਰਫ਼ ਰਿਹਾਇਸ਼ੀ ਨਹੀਂ, ਸਗੋਂ ਵਪਾਰਕ ਹੱਬ ਵਜੋਂ ਵੀ ਵਿਕਸਿਤ ਹੋ ਸਕਦਾ ਹੈ। ਖਾਸ ਕਰਕੇ ਚਾਰ ਮਾਰਗੀ ਬਾਈਪਾਸ, ਮੁੱਖ ਸੜਕਾਂ ਅਤੇ ਉਦਯੋਗਿਕ ਇਲਾਕਿਆਂ ਨਾਲ ਜੁੜੀਆਂ ਜ਼ਮੀਨਾਂ ਵਿੱਚ ਨਿਵੇਸ਼ਕ ਵਧੇਰੇ ਦਿਲਚਸਪੀ ਦਿਖਾ ਰਹੇ ਹਨ। ਕਈ ਵੱਡੇ ਨਿਵੇਸ਼ਕ ਆਪਣੇ ਏਜੰਟਾਂ ਰਾਹੀਂ ਵੇਅਰ-ਹਾਊਸਿੰਗ, ਹੋਟਲ ਪ੍ਰੋਜੈਕਟ, ਸ਼ੋਰੂਮ ਅਤੇ ਗੇਟਿਡ ਕਾਲੋਨੀਆਂ ਲਈ ਉਚਿਤ ਜ਼ਮੀਨਾਂ ਦੀ ਭਾਲ ਕਰ ਰਹੇ ਹਨ।

ਸਥਾਨਕ ਜਾਇਦਾਦ ਕਾਰੋਬਾਰੀਆਂ ਮੁਤਾਬਕ ਲੁਧਿਆਣਾ ਦੇ ਉਦਯੋਗਿਕ ਦਰਜੇ ਨੂੰ ਧਿਆਨ ਵਿੱਚ ਰੱਖਦੇ ਹੋਏ ਹਵਾਈ ਸਹੂਲਤਾਂ ਦੇ ਸ਼ੁਰੂ ਹੋਣ ਨਾਲ ਵਪਾਰਕ ਆਵਾਜਾਈ ਨੂੰ ਵੱਡਾ ਫ਼ਾਇਦਾ ਮਿਲੇਗਾ। ਇਸ ਨਾਲ ਨਾ ਸਿਰਫ਼ ਉਦਯੋਗਿਕ ਇਕਾਈਆਂ ਲਈ ਨਵੀਆਂ ਸੰਭਾਵਨਾਵਾਂ ਬਣਣਗੀਆਂ, ਸਗੋਂ ਨੌਕਰੀਆਂ ਦੇ ਮੌਕੇ ਵੀ ਵਧਣ ਦੀ ਉਮੀਦ ਹੈ। ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਰਾਜਸਥਾਨ ਤੋਂ ਵੀ ਨਿਵੇਸ਼ਕ ਇਸ ਖੇਤਰ ਦਾ ਰੁਖ ਕਰ ਰਹੇ ਹਨ।

ਦੂਜੇ ਪਾਸੇ, ਪੰਜਾਬ ਸਰਕਾਰ ਅਤੇ ਸੰਬੰਧਿਤ ਅਧਿਕਾਰੀਆਂ ਵੱਲੋਂ ਹਵਾਈ ਅੱਡੇ ਦੇ ਆਲੇ-ਦੁਆਲੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਸੜਕਾਂ ਦੇ ਵਿਸਥਾਰ, ਬਿਜਲੀ-ਪਾਣੀ ਸਹੂਲਤਾਂ ਅਤੇ ਟ੍ਰੈਫਿਕ ਪ੍ਰਬੰਧਨ ’ਤੇ ਕੰਮ ਤੇਜ਼ ਕੀਤਾ ਗਿਆ ਹੈ। ਮਾਹਿਰਾਂ ਅਨੁਸਾਰ ਜੇਕਰ ਯੋਜਨਾਬੱਧ ਢੰਗ ਨਾਲ ਵਿਕਾਸ ਕਾਰਜ ਅੱਗੇ ਵਧੇ ਤਾਂ ਹਲਵਾਰਾ ਖੇਤਰ ਆਉਣ ਵਾਲੇ ਸਮੇਂ ਵਿੱਚ ਰੀਅਲ ਅਸਟੇਟ ਅਤੇ ਵਪਾਰਕ ਗਤੀਵਿਧੀਆਂ ਦਾ ਕੇਂਦਰ ਬਣ ਸਕਦਾ ਹੈ।

ਮੌਜੂਦਾ ਹਾਲਾਤਾਂ ਨੂੰ ਦੇਖਦਿਆਂ ਜਾਇਦਾਦ ਬਜ਼ਾਰ ਵਿੱਚ ਹੋਰ ਉਛਾਲ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਅਤੇ ਖਰੀਦਦਾਰਾਂ ਨੂੰ ਵੀ ਸਾਵਧਾਨੀ ਨਾਲ ਨਿਵੇਸ਼ ਕਰਨ ਦੀ ਸਲਾਹ ਦਿੱਤੀ ਜਾ ਰਹੀ ਹੈ ਤਾਂ ਜੋ ਭਵਿੱਖ ਵਿੱਚ ਸਥਿਰ ਲਾਭ ਪ੍ਰਾਪਤ ਹੋ ਸਕੇ।
 

By Gurpreet Singh

Leave a Reply

Your email address will not be published. Required fields are marked *