ਨੈਸ਼ਨਲ ਟਾਈਮਜ਼ ਬਿਊਰੋ :- ਪੰਜਾਬ ‘ਚ ਹੁਣ ਠੰਢ ਲਗਭਗ ਖਤਮ ਹੋ ਚੁੱਕੀ ਹੈ। ਸਵੇਰੇ-ਸ਼ਾਮ ਹਲਕੀ ਠੰਢ ਮਹਿਸੂਸ ਹੋ ਰਹੀ ਹੈ, ਪਰ ਤੇਜ਼ ਧੁੱਪ ਕਾਰਨ ਮੌਸਮ ਗਰਮੀ ਵਾਂਗ ਬਣ ਗਿਆ ਹੈ। ਅੱਜ ਕਈ ਥਾਵਾਂ ‘ਤੇ ਸਵੇਰੇ ਧੁੰਦ ਵੀ ਦਿਖਾਈ ਦਿੱਤੀ ਹੈ। ਮੌਸਮ ਵਿਭਾਗ ਮੁਤਾਬਕ ਅਗਲੇ 7 ਦਿਨਾਂ ਤੱਕ ਪੰਜਾਬ ਅਤੇ ਚੰਡੀਗੜ੍ਹ ਵਿੱਚ ਮੀਂਹ ਦੀ ਕੋਈ ਸੰਭਾਵਨਾ ਨਹੀਂ ਹੈ।
ਇਸ ਦੌਰਾਨ ਉੱਤਰ-ਪੱਛਮੀ ਦਿਸ਼ਾ ਤੋਂ ਹਵਾਵਾਂ ਵੱਗਣਗੀਆਂ ਅਤੇ ਦਿਨ ਦੇ ਤਾਪਮਾਨ ਵਿੱਚ ਵਾਧਾ ਹੋਵੇਗਾ। ਪਿਛਲੇ 24 ਘੰਟਿਆਂ ਵਿੱਚ ਤਾਪਮਾਨ ਵਿੱਚ 0.9 ਡਿਗਰੀ ਸੈਲਸੀਅਸ ਦਾ ਵਾਧਾ ਦਰਜ ਕੀਤਾ ਗਿਆ ਹੈ, ਜੋ ਆਮ ਤੋਂ 3.5 ਡਿਗਰੀ ਵੱਧ ਹੈ। ਸਭ ਤੋਂ ਵੱਧ ਤਾਪਮਾਨ 28.8 ਡਿਗਰੀ ਫਰੀਦਕੋਟ ਵਿੱਚ ਦਰਜ ਹੋਇਆ। ਇਸ ਮਹੀਨੇ ਹੁਣ ਤੱਕ ਕੇਵਲ 0.6 ਮਿਮੀ ਮੀਂਹ ਦਰਜ ਕੀਤਾ ਗਿਆ ਹੈ, ਜੋ ਆਮ (20.1 ਮਿਮੀ) ਨਾਲੋਂ 97% ਘੱਟ ਹੈ। ਜ਼ਿਆਦਾਤਰ ਜ਼ਿਲ੍ਹਿਆਂ ਵਿੱਚ ਮੀਂਹ ਬਿਲਕੁਲ ਨਹੀਂ ਪਿਆ ਜਾਂ ਬਹੁਤ ਘੱਟ ਪਿਆ।
ਤਾਪਮਾਨ ਵਿੱਚ ਹੋਵੇਗਾ ਹੋਰ ਵਾਧਾ
ਮੌਸਮ ਵਿਭਾਗ ਚੰਡੀਗੜ੍ਹ ਦੇ ਡਾਇਰੈਕਟਰ ਸੁਰਿੰਦਰ ਪਾਲ ਸਿੰਘ ਦੇ ਅਨੁਸਾਰ ਅਗਲੇ 7 ਦਿਨਾਂ ਦੌਰਾਨ ਮੌਸਮ ਖੁਸ਼ਕ ਰਹੇਗਾ ਅਤੇ ਨਿਊਨਤਮ ਤਾਪਮਾਨ ਵਿੱਚ 2 ਤੋਂ 3 ਡਿਗਰੀ ਤੱਕ ਹੌਲੀ-ਹੌਲੀ ਵਾਧਾ ਹੋਵੇਗਾ।
