ਗੁਰਪ੍ਰੀਤ ਸਿੰਘ :- ਅੰਮ੍ਰਿਤਸਰ: ਪੰਜਾਬ ਦੇ ਜ਼ਿਲ੍ਹਾ ਅੰਮ੍ਰਿਤਸਰ ਦੇ ਕਸਬਾ ਰਈਆ ਵਿੱਚ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਇੱਕ ਭਿਆਨਕ ਧਮਾਕਾ ਹੋਣੋਂ ਵਾਲ-ਵਾਲ ਬਚ ਗਿਆ। ਜਾਣਕਾਰੀ ਅਨੁਸਾਰ, ਰਈਆ ਪੁਲਿਸ ਚੌਂਕੀ ਤੋਂ ਮਹਿਜ਼ 10 ਗਜ਼ ਦੀ ਦੂਰੀ ‘ਤੇ ਇੱਕ ਸ਼ੱਕੀ ਵਸਤੂ ਬਰਾਮਦ ਹੋਈ, ਜੋ ਕਿ ਜਾਂਚ ਤੋਂ ਬਾਅਦ ਇੱਕ IED (Improvised Explosive Device) ਨਿਕਲੀ।
ਮਿਲੀ ਜਾਣਕਾਰੀ ਮੁਤਾਬਕ ਪੁਲਿਸ ਨੂੰ ਦੇਰ ਰਾਤ ਇਸ ਸਬੰਧੀ ਸੂਚਨਾ ਮਿਲੀ, ਜਿਸ ਤੋਂ ਬਾਅਦ ਬੰਬ ਨਿਰੋਧਕ ਦਸਤਾ ਤੁਰੰਤ ਮੌਕੇ ‘ਤੇ ਪਹੁੰਚਿਆ ਅਤੇ ਆਈਈਡੀ ਨੂੰ ਸੁਰੱਖਿਅਤ ਢੰਗ ਨਾਲ ਨਿਸ਼ਕ੍ਰਿਆ ਕਰ ਦਿੱਤਾ ਗਿਆ। ਇਸ ਕਾਰਵਾਈ ਨਾਲ ਸੰਭਾਵਿਤ ਵੱਡੇ ਨੁਕਸਾਨ ਤੋਂ ਬਚਾਅ ਹੋ ਗਿਆ।
ਹਾਈ ਅਲਰਟ ‘ਤੇ ਏਜੰਸੀਆਂ
ਇਸ ਘਟਨਾ ਤੋਂ ਬਾਅਦ ਪੂਰੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਹੈ। ਪੁਲਿਸ ਅਤੇ ਖੁਫੀਆ ਏਜੰਸੀਆਂ ਹਾਈ ਅਲਰਟ ‘ਤੇ ਹਨ। ਪੁਲਿਸ ਵੱਲੋਂ ਆਲੇ-ਦੁਆਲੇ ਦੇ ਇਲਾਕਿਆਂ ਦੀ CCTV ਫੁਟੇਜ ਖੰਗਾਲੀ ਜਾ ਰਹੀ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਇਹ ਵਿਸਫੋਟਕ ਸਮਗਰੀ ਉੱਥੇ ਕਿਸ ਨੇ ਅਤੇ ਕਦੋਂ ਰੱਖੀ।
ਰਈਆ ਪੁਲਿਸ ਚੌਂਕੀ ਨੇੜੇ ਆਈ.ਈ.ਡੀ. (IED) ਮਿਲਣ ਦੇ ਮਾਮਲੇ ਵਿੱਚ ਹੁਣ ਪੁਲਿਸ ਵੱਲੋਂ ਕਾਨੂੰਨੀ ਕਾਰਵਾਈ ਤੇਜ਼ ਕਰ ਦਿੱਤੀ ਗਈ ਹੈ। ਇਸ ਸਬੰਧੀ ਥਾਣਾ ਬਿਆਸ ਵਿਖੇ ਅਣਪਛਾਤੇ ਵਿਅਕਤੀਆਂ ਦੇ ਖਿਲਾਫ਼ ਗੰਭੀਰ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।
