ਪੁਲਸ ਚੌਂਕੀ ਨੇੜੇ IED ਮਿਲਣਾ ਮਾਨ ਸਰਕਾਰ ਦੀ ਨਾਕਾਮੀ ਦਾ ਸਪੱਸ਼ਟ ਸਬੂਤ : ਅਸ਼ਵਨੀ ਸ਼ਰਮਾ

ਚੰਡੀਗੜ੍ਹ- ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਅਸ਼ਵਨੀ ਸ਼ਰਮਾ ਨੇ ਪੰਜਾਬ ਵਿੱਚ ਪੁਲਸ ਚੌਂਕੀ ਕੋਲੋਂ ਆਈ.ਈ.ਡੀ. ਮਿਲਣ ਦੀ ਘਟਨਾ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ‘ਆਪ’ ਸਰਕਾਰ ’ਤੇ ਤਿੱਖਾ ਹਮਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਸਿਰਫ਼ ਇੱਕ ਮਾਮੂਲੀ ਘਟਨਾ ਨਹੀਂ, ਸਗੋਂ ਸੂਬੇ ਦੀ ਲਗਾਤਾਰ ਡਿੱਗ ਰਹੀ ਕਾਨੂੰਨ-ਵਿਵਸਥਾ ਦਾ ਇੱਕ ਚਿੰਤਾਜਨਕ ਸਬੂਤ ਹੈ।

ਅਸ਼ਵਨੀ ਸ਼ਰਮਾ ਨੇ ਸਵਾਲ ਉਠਾਇਆ ਕਿ ਜੇਕਰ ਪੁਲਿਸ ਦੀਆਂ ਆਪਣੀਆਂ ਚੌਂਕੀਆਂ ਹੀ ਸੁਰੱਖਿਅਤ ਨਹੀਂ ਹਨ, ਤਾਂ ਆਮ ਨਾਗਰਿਕ ਦੀ ਜਾਨ-ਮਾਲ ਦੀ ਸੁਰੱਖਿਆ ਕੌਣ ਯਕੀਨੀ ਬਣਾਏਗਾ? ਉਨ੍ਹਾਂ ਲਸ਼ਕਰ ਵੱਲੋਂ ਦਿੱਲੀ ਲਈ ਜਾਰੀ ਟੈਰਰ ਅਲਰਟ ਦਾ ਹਵਾਲਾ ਦਿੰਦਿਆਂ ਕਿਹਾ ਕਿ ਅਜਿਹੇ ਸਮੇਂ ਪੰਜਾਬ ਵਿੱਚ ਧਮਾਕੇਖੇਜ਼ ਸਮੱਗਰੀ ਦਾ ਮਿਲਣਾ ਸਿੱਧੇ ਤੌਰ ’ਤੇ ਸਰਕਾਰ ਦੀ ਨਾਕਾਮੀ ਨੂੰ ਦਰਸਾਉਂਦਾ ਹੈ। ਉਨ੍ਹਾਂ ਪੁੱਛਿਆ ਕਿ ਜਦੋਂ ਗੈਂਗਸਟਰ ਰਾਜ, ਨਸ਼ਾ ਮਾਫੀਆ ਅਤੇ ਸਰਹੱਦੀ ਤਸਕਰੀ ਵਰਗੀਆਂ ਚੁਣੌਤੀਆਂ ਵਧ ਰਹੀਆਂ ਹਨ, ਤਾਂ ਸੂਬੇ ਦਾ ਖੁਫੀਆ ਤੰਤਰ ਕਿੱਥੇ ਹੈ?

ਭਾਜਪਾ ਆਗੂ ਨੇ ਦੋਸ਼ ਲਾਇਆ ਕਿ ਪੰਜਾਬ ਨੂੰ ਮੁੜ ਅੱਤਵਾਦੀ ਗਤੀਵਿਧੀਆਂ ਲਈ ਇੱਕ ‘ਸੌਫ਼ਟ ਟਾਰਗੇਟ’ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਸੁਰੱਖਿਆ ਮਜ਼ਬੂਤ ਕਰਨ ਦੇ ਵੱਡੇ ਵਾਅਦੇ ਕੀਤੇ ਸਨ, ਪਰ ਅੱਜ ਹਕੀਕਤ ਇਹ ਹੈ ਕਿ ਸੁਰੱਖਿਆ ਸਿਰਫ਼ ਇਸ਼ਤਿਹਾਰਾਂ ਅਤੇ ਦਾਵਿਆਂ ਤੱਕ ਹੀ ਸੀਮਿਤ ਰਹਿ ਗਈ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਪੰਜਾਬ ਦੀ ਧਰਤੀ ਨੂੰ ਮੁੜ ਅਸ਼ਾਂਤੀ ਵੱਲ ਧੱਕਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।

ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਲੋਕਾਂ ਦੀ ਸੁਰੱਖਿਆ ਸਰਕਾਰ ਦੀ ਪਹਿਲੀ ਜ਼ਿੰਮੇਵਾਰੀ ਹੈ, ਜਿਸ ਵਿੱਚ ਮਾਨ ਸਰਕਾਰ ਪੂਰੀ ਤਰ੍ਹਾਂ ਫੇਲ੍ਹ ਸਾਬਤ ਹੋਈ ਹੈ। ਅਸ਼ਵਨੀ ਸ਼ਰਮਾ ਨੇ ਮੰਗ ਕੀਤੀ ਕਿ ਪੰਜਾਬ ਦੀ ਸੁਰੱਖਿਆ ਨਾਲ ਖੇਡਣ ਵਾਲਿਆਂ ਨੂੰ ਸਖ਼ਤ ਜਵਾਬ ਦਿੱਤਾ ਜਾਵੇ ਅਤੇ ਸਰਕਾਰ ਆਪਣੀ ਨਾਕਾਮੀ ਦੀ ਜਵਾਬਦੇਹੀ ਤੈਅ ਕਰੇ।

By Gurpreet Singh

Leave a Reply

Your email address will not be published. Required fields are marked *